ਕੈਨੇਡਾ ‘ਚ ਕੋਰੋਨਾਵਾਇਰਸ ਦਾ ਖਤਰਾ; ਕੋਰੋਨਾ ਮਰੀਜ਼ਾਂ ਦੀ ਗਿਣਤੀ 7 ਹਜ਼ਾਰ ਤੋਂ ਪਾਰ

702

  • ਓਂਟਾਰੀਓ ਦੇ ਸਕੂਲ ਮਈ ਤੱਕ ਰਹਿਣਗੇ ਬੰਦ
    ਟੋਰਾਂਟੋ , 31 ਮਾਰਚ (ਪੰਜਾਬ ਮੇਲ)- ਕੈਨੇਡਾ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 7 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਵਿਚਕਾਰ ਵੱਡੀ ਖਬਰ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਓਂਟਾਰੀਓ ਦੇ ਸਕੂਲ ਘੱਟੋ-ਘੱਟ ਮਈ ਦੇ ਸ਼ੁਰੂ ਤੱਕ ਬੰਦ ਰਹਿਣਗੇ। ਸੂੂਬਾ ਸਰਕਾਰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
    ਓਂਟਾਰੀਓ ਵਿਚ ਸਕੂਲ ਪਹਿਲਾਂ ਤਿੰਨ ਹਫਤੇ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ ਤੇ 6 ਅਪ੍ਰੈਲ ਤੋਂ ਖੁੱਲ੍ਹਣ ਦੀ ਉਮੀਦ ਸੀ ਪਰ ਪਿਛਲੇ ਹਫਤੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਜਨਤਾ ਨੂੰ ਕਿਹਾ ਸੀ ਕਿ ਇਹ ਸੰਭਵ ਨਹੀਂ ਹੋਵੇਗਾ।
    ਸਿੱਖਿਆ ਮੰਤਰੀ ਸਟੀਫਨ ਲੇਸੀ ਦੇ ਦਫਤਰ ਨੇ ਸੀ.ਪੀ.-24 ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਕੋਵਿਡ-19 ਯਾਨੀ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਦੇ ਉਪਾਅ ਵਜੋਂ ਅਪ੍ਰੈਲ ਦੇ ਅੰਤ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਹੁਕਮ ਜਾਰੀ ਕਰਨ ਜਾ ਰਹੇ ਹਨ।
    ਓਂਟਾਰੀਓ ਨੇ ਮੰਗਲਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 260 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸੂਬੇ ਵਿਚ ਕੁੱਲ 1,966 ਮਾਮਲੇ ਹੋ ਗਏ ਹਨ। ਹਾਲਾਂਕਿ ਅੱਜ ਓਂਟਾਰੀਓ ਵਿਚ ਕਿਸੇ ਨਵੀਂ ਮੌਤ ਦੀ ਖਬਰ ਨਹੀਂ ਹੈ। ਸੂਬੇ ਵਿਚ ਹੁਣ ਤੱਕ ਕੋਵਿਡ-19 ਨਾਲ ਸਬੰਧਤ 33 ਮੌਤਾਂ ਦੀ ਪੁਸ਼ਟੀ ਹੋਈ ਹੈ ਪਰ ਨਵੇਂ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਓਂਟਾਰੀਓ, ਕਿਊਬਕ, ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਤੇ ਅਲਬਰਟਾ ਸਭ ਤੋਂ ਵੱਧ ਪ੍ਰਭਾਵਿਤ ਹਨ।