ਕੈਨੇਡਾ ’ਚ ਅਗਲੀ ਮਰਦਮ ਸ਼ੁਮਾਰੀ 11 ਮਈ, 2021 ਨੂੰ

104
Share

-ਪੰਜਾਬੀ ਲੈਂਗੂੇਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਵਲੋਂ ਇਥੇ ਵਸਦੇ ਹਰ ਪੰਜਾਬੀ ਨੂੰ ਮਰਦਮਸ਼ੁਮਾਰੀ ’ਚ ਹਿੱਸਾ ਲੈਣ ਦੀ ਅਪੀਲ
ਵੈਨਕੂਵਰ, 21 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ’ਚ ਹਰ ਪੰਜ ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ। ਇਸ ਨਾਲ ਜਿੱਥੇ ਦੇਸ਼ ਦਾ ਪ੍ਰਬੰਧ ਚਲਾਉਣ ਵਾਲਿਆਂ ਨੂੰ ਦੇਸ਼ ਦੀ ਜਨਤਾ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਹੁੰਦੀ ਹੈ, ਉੱਥੇ ਹਰ ਨਾਗਰਿਕ ਨੂੰ ਕੈਨੇਡਾ ਵਿਚ ਵਸਦੇ ਲੋਕਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਮਰਦਮਸ਼ੁਮਾਰੀ ਤੋਂ ਮਿਲੀ ਜਾਣਕਾਰੀ ਨਾਲ ਸਰਕਾਰ ਸਮਾਜਿਕ ਅਤੇ ਆਰਥਿਕ ਸਥਿਤੀਆਂ ਵਿਚ ਆਈਆਂ ਤਬਦੀਲੀਆਂ ਅਨੁਸਾਰ ਸਾਡੇ ਪਰਿਵਾਰਾਂ, ਭਾਈਚਾਰਿਆਂ ਅਤੇ ਕਾਰੋਬਾਰਾਂ ਸਬੰਧੀ ਲੋੜੀਂਦੇ ਫੈਸਲੇ ਕਰਦੀ ਹੈ। ਇਸ ਦੇ ਨਾਲ ਹੀ ਮਰਦਮਸ਼ੁਮਾਰੀ ਨਾਲ ਕੈਨੇਡਾ ਦੇ ਸੱਭਿਆਚਾਰ, ਅਮੀਰ ਵੰਨ-ਸੁਵੰਨਤਾ ਅਤੇ ਲੋਕਾਂ ਵਲੋਂ ਕੰਮਾਂ-ਕਾਰਾਂ ਅਤੇ ਘਰਾਂ ’ਚ ਬੋਲੀ ਵਰਤੀ ਜਾਂਦੀ ਭਾਸ਼ਾ ਸਬੰਧੀ ਵੀ ਜਾਣਕਾਰੀ ਮਿਲਦੀ ਹੈ। ਇਥੇ ਵਸਦੇ ਹਰ ਸ਼ਹਿਰੀ, ਪੱਕੇ ਰਿਹਾਇਸ਼ੀ, ਆਰਜੀ ਬਸ਼ਿੰਦੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਆਦਿ ਨੂੰ ਮਰਦਮਸ਼ੁਮਾਰੀ ’ਚ ਭਾਗ ਲੈਣ ਦਾ ਹੱਕ ਵੀ ਹੈ ਅਤੇ ਇਹ ਉਨ੍ਹਾਂ ਦਾ ਫਰਜ਼ ਵੀ ਹੈ।
ਕੈਨੇਡਾ ਦੀ ਅਗਲੀ ਮਰਦਮ ਸ਼ੁਮਾਰੀ ਦਾ ਦਿਨ ਮੰਗਲਵਾਰ 11 ਮਈ, 2021 ਨਿਯੁਕਤ ਹੋਇਆ ਹੈ। ਇਸ ਵਾਸਤੇ 75% ਵਾਸੀਆਂ ਲਈ ਛੋਟਾ ਫਾਰਮ ਭਰਨਾ ਪਵੇਗਾ, ਜੋ ਭਰਨਾ ਸੌਖਾ ਹੀ ਹੈ। ਰਹਿੰਦੇ 25% ਸ਼ਹਿਰੀਆਂ ਨੂੰ ਵੱਧ ਵਿਸਥਾਰ ਵਾਲਾ ਲੰਮਾ ਫਾਰਮ ਭਰਨਾ ਪਵੇਗਾ। ਇਸ ਵਿਚ ਕਾਫੀ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਦੋਹਾਂ ਫਾਰਮਾਂ ਵਿਚ ਕੁਝ ਸਵਾਲ ਮਾਂ-ਬੋਲੀ ਬਾਰੇ ਵੀ ਹਨ।
ਭਾਸ਼ਾ ਸਬੰਧੀ ਸਵਾਲਾਂ ਵਿਚ ਹਰ ਇਕ ਵਿਅਕਤੀ ਨੂੰ ਉਸ ਦੀ ਆਪਣੀ ਮਾਂ-ਬੋਲੀ ਬਾਰੇ ਜਾਣਕਾਰੀ ਦੇਣ ਲਈ ਆਖਿਆ ਜਾਵੇਗਾ। ਅੰਗਰੇਜ਼ੀ, ਫਰਾਂਸੀਸੀ ਅਤੇ ਹੋਰ ਭਾਸ਼ਾਵਾਂ ਵਿਚੋਂ ਚੋਣ ਕਰਨੀ ਪਵੇਗੀ। ਇਸ ਤੋਂ ਪਹਿਲਾਂ 2016 ਦੀ ਮਰਦਮਸ਼ੁਮਾਰੀ ਅਨੁਸਾਰ 568,375 ਵਿਅਕਤੀਆਂ ਨੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਚੁਣਿਆ ਸੀ। ਪਿਛਲੇ ਪੰਜਾਂ ਸਾਲਾਂ ਦੌਰਾਨ ਪੰਜਾਬੀ ਬੋਲਣ ਵਾਲੇ ਕਾਫੀ ਨਵੇਂ ਲੋਕ ਕੈਨੇਡਾ ਆਏ ਹਨ। ਇਕ ਅੰਦਾਜ਼ੇ ਅਨੁਸਾਰ ਇਸ ਵੇਲੇ ਘੱਟੋ-ਘੱਟ ਇਕ ਮਿਲੀਅਨ (ਦਸ ਲੱਖ) ਪੰਜਾਬੀ ਦੇ ਬੁਲਾਰੇ ਕੈਨੇਡਾ ’ਚ ਵਸਦੇ ਹਨ। ਅਸੀਂ ਪੰਜਾਬੀ ਲੈਂਗੂੇਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਵਲੋਂ ਇਥੇ ਵਸਦੇ ਹਰ ਪੰਜਾਬੀ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਇਕ ਤਾਂ ਤੁਸੀਂ ਕੈਨੇਡਾ ਦੀ 2021 ਦੀ ਮਈ ਵਿਚ ਹੋਣ ਵਾਲੀ ਮਰਦਮਸ਼ੁਮਾਰੀ ’ਚ ਹਿੱਸਾ ਜ਼ਰੂਰ ਲਵੋ ਅਤੇ ਦੂਜਾ ਆਪਣੀ ਮਾਂ-ਬੋਲੀ ਪੰਜਾਬੀ ਦੀ ਚੋਣ ਜ਼ਰੂਰ ਕਰੋ। ਤੁਸੀਂ ਖੁਦ ਵੀ ਅਤੇ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਸ ਸ਼ੁਭ ਤੇ ਲੋੜੀਂਦੇ ਕਾਰਜ ’ਚ ਹਿੱਸਾ ਪਾਉਣ ਲਈ ਪ੍ਰੇਰਿਤ ਕਰੋ। ਕੈਨੇਡਾ ਵਿਚ ਆਪਣੀ ਮਾਂ-ਬੋਲੀ ਪੰਜਾਬੀ ਦੇ ਚੰਗੇ ਭਵਿੱਖ ਲਈ ਯੋਗਦਾਨ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ। ਆਉ ਆਪਾਂ ਰਲ਼ ਮਿਲ਼ ਕੇ ਇਸ ਦੇਸ਼ ਵਿਚ ਆਪਣੀ ਮਾਂ-ਬੋਲੀ ਪੰਜਾਬੀ ਦਾ ਮਾਣ ਵਧਾਈਏ।

Share