ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਟਰੂਡੋ ਸਰਕਾਰ ਵੱਲੋਂ ਨਵਾਂ ਨਿਯਮ ਹੋਵੇਗਾ ਲਾਗੂ

168
Share

-ਯਾਤਰੀਆਂ ਨੂੰ ਆਪਣੇ ਖਰਚੇ ’ਤੇ ਹੋਟਲ ’ਚ ਰਹਿਣਾ ਪਵੇਗਾ ਕੁਆਰੰਟੀਨ!
-ਬਿਨ੍ਹਾਂ ਟੈਸਟ ਆਉਣ ਵਾਲੇ ਨੂੰ ਸਜ਼ਾ ਦੇ ਨਾਲ-ਨਾਲ ਹੋਵੇਗਾ 3 ਹਜ਼ਾਰ ਡਾਲਰ ਦਾ ਜੁਰਮਾਨਾ
– 22 ਫਰਵਰੀ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਟੋਰਾਂਟੋ, 13 ਫਰਵਰੀ (ਪੰਜਾਬ ਮੇਲ)- ਕੈਨੇਡਾ ’ਚ ਕੋਵਿਡ-19 ’ਤੇ ਨੱਥ ਪਾਉਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਇਥੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਤੋਂ ਇਲਾਵਾ ਨਵੇਂ ਸਟ੍ਰੇਨ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਕੈਨੇਡਾ ’ਚ ਹਵਾਈ ਜਹਾਜ਼ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਇਹ ਨਿਯਮ ਮੁਤਾਬਕ ਯਾਤਰੀਆਂ ਨੂੰ ਆਪਣੇ ਖਰਚੇ ’ਤੇ ਹੋਟਲ ’ਚ ਕੁਆਰੰਟੀਨ ਰਹਿਣਾ ਪਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਨਿਯਮ 22 ਫਰਵਰੀ ਤੋਂ ਲਾਗੂ ਹੋਵੇਗਾ। ਹਵਾਈ ਯਾਤਰੀਆਂ ਲਈ 14 ਦਿਨਾਂ ਦਾ ਕੁਆਰੰਟੀਨ ਪੀਰੀਅਡ ਹੈ।
ਟਰੂਡੋ ਨੇ ਕਿਹਾ ਕਿ ਤੁਹਾਨੂੰ 72 ਘੰਟਿਆਂ ਦੇ ਅੰਦਰ ਕਰਵਾਏ ਗਏ ਪੀ.ਸੀ.ਆਰ. ਟੈਸਟ ਦਾ ਰਿਜ਼ਲਟ ਦਿਖਾਉਣਾ ਹੋਵੇਗਾ ਜਿਵੇਂ ਹੁਣ ਤੱਕ ਹਵਾਈ ਯਾਤਰਾ ’ਚ ਦਿਖਾਉਣਾ ਪੈਂਦਾ ਸੀ। ਜੇਕਰ ਕੋਈ ਬਿਨ੍ਹਾਂ ਟੈਸਟ ਦੇ ਪਾਇਆ ਜਾਂਦਾ ਹੈ, ਤਾਂ ਉਸ ਨੂੰ ਸਜ਼ਾ ਦੇ ਨਾਲ-ਨਾਲ 3 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਾਇਆ ਜਾਵੇਗਾ। ਟਰੂਡੋ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਕੁਝ ਨਵੇਂ ਫੈਸਲੇ ਲਵੇਗੀ ਜਿਸ ਦੇ ਤਹਿਤ ਹੈਲਥ ਕੈਨੇਡਾ ਇਸ ਦਾ ਫਾਲੋਅਪ ਲਵੇਗੀ ਅਤੇ ਲੋਕਾਂ ਦੇ ਟੈਸਟ ਨਾਲ ਉਨ੍ਹਾਂ ਨੂੰ ਕੁਆਰੰਟਾਈਨ ਵੀ ਕਰੇਗੀ।
ਯਾਤਰੀਆਂ ਨੂੰ ਕੈਨੇਡਾ ਆਉਣ ’ਤੇ ਕੋਰੋਨਾ ਦੇ ਟੈਸਟ ਦੇ ਨਤੀਜੇ ਲਈ ਤਿੰਨ ਦਿਨ ਹੋਟਲ ’ਚ ਰੁਕਣਾ ਪਵੇਗਾ। ਟਰੂਡੋ ਨੇ ਪਹਿਲਾਂ ਕਿਹਾ ਸੀ ਕਿ ਇਸ ਨਾਲ ਯਾਤਰੀਆਂ ਨੂੰ ਤਰਕੀਬਨ 2,000 ਡਾਲਰ ਦਾ ਖਰਚ ਆਵੇਗਾ। ਸਰਕਾਰੀ ਵੈਬਸਾਈਟ ’ਤੇ ਨਵੇਂ ਉਪਾਅ ’ਚ ਹਿੱਸਾ ਲੈਣ ਵਾਲੇ ਹੋਟਲਾਂ ਦੇ ਹੁਕਮਾਂ ਮੁਤਾਬਕ, ਹੋਟਲ ਤੋਂ ਹਵਾਈ ਅੱਡੇ ਤੱਕ ਉਸ ਦੇ ਲਈ ਆਵਾਜਾਈ ਪ੍ਰਦਾਨ ਕਰਨਾ ਅਤੇ ਯਾਤਰੀਆਂ ਦੇ ਕਮਰੇ ਤੱਕ ਭੋਜਨ ਪਹੁੰਚਾਉਣਾ ਇਹ ਸਾਰੇ ਖਰਚੇ ਸ਼ਾਮਲ ਹਨ। ਇਹ ਟੈਸਟ ਸਾਰੇ ਆਉਣ ਵਾਲੇ ਯਾਤਰੀਆਂ ’ਤੇ 14 ਦਿਨ ਦੇ ਕੁਆਰੰਟਾਈਨ ਹੁਕਮ ਤੋਂ ਵੱਖ ਹਨ। ਇਸ ਦੋ ਹਫਤੇ ਦੀ ਮਿਆਦ ’ਚ ਤਿੰਨ ਦਿਨ ਹਵਾਈ ਯਾਤਰੀਆਂ ਨੂੰ ਇਕ ਹੋਟਲ ’ਚ ਰੁਕਣਾ ਹੋਵੇਗਾ।

Share