ਕੈਨੇਡਾ-ਅਮਰੀਕਾ ਨੇ ਇਕ ਵਾਰ ਫਿਰ ਤੋਂ ਯਾਤਰਾ ਪਾਬੰਦੀਆਂ ‘ਚ ਕੀਤਾ ਵਾਧਾ

734
Share

ਵਿਨੀਪੈੱਗ, 20 ਫਰਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਸੰਯੂਕਤ ਰਾਜ ਅਮਰੀਕਾ ਦੇ ਯਾਤਰੀਆਂ ਲਈ 21 ਮਾਰਚ ਤੱਕ ਅਤੇ ਦੂਜੇ ਦੇਸ਼ਾਂ ਦੇ ਯਾਤਰੀਆਂ ਲਈ 21 ਅਪ੍ਰੈਲ ਤੱਕ ਯਾਤਰਾ ਪਾਬੰਦੀਆਂ ਵਧਾ ਦਿੱਤੀਆਂ ਹਨ | ਦੋਹਾਂ ਗੁਆਂਢੀ ਦੇਸ਼ਾਂ ਦੀ ਸਰਹੱਦ ਪਿਛਲੇ ਸਾਲ ਮਾਰਚ ਮਹੀਨੇ ਤੋਂ ਹੀ ਗੈਰ-ਜਰੂਰੀ ਯਾਤਰਾ ਲਈ ਬੰਦ ਕਰ ਦਿੱਤੀ ਸੀ ਅਤੇ ਇਹ ਲਗਾਤਾਰ ਗਿਆਰ੍ਹਵਾਂ ਮੌਕਾ ਹੈ ਜਦੋਂ ਦੋਹਾਂ ਦੇਸ਼ਾਂ ਵਲੋਂ ਇਸ ਸਾਂਝੇ ਫੈਸਲੇ ‘ਤੇ ਸਹਿਮਤੀ ਜਤਾਈ ਗਈ ਹੈ ਅਤੇ ਦੋਹਾਂ ਦੇਸ਼ਾਂ ਦੇ ਇਤਿਹਾਸ ‘ਚ ਹੁਣ ਤੱਕ ਦੀ ਇਹ ਸਭ ਤੋਂ ਲੰਬੀ ਸਰਹੱਦਬੰਦੀ ਹੈ | ਇਸ ਵਾਰ ਕੈਨੇਡਾ ਸਰਕਾਰ ਵਲੋਂ ਆਪਣੀਆਂ ਸਰਹੱਦਾਂ ‘ਤੇ ਸਖ਼ਤੀ ਵੀ ਕੀਤੀ ਹੈ, ਜਿਸ ਅਨੁਸਾਰ ਅੰਤਰਰਾਸ਼ਟਰੀ ਉਡਾਣਾਂ ਸਿਰਫ ਚਾਰ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸਵੀਕਾਰੀਆਂ ਜਾਣਗੀਆਂ ਅਤੇ ਕੈਨੇਡਾ ਦੀਆਂ ਚਾਰ ਵੱਡੀਆਂ ਏਅਰਲਾਈਨਾਂ ਵਲੋਂ ਮੈਕਸੀਕੋ ਅਤੇ ਕੈਰੇਬੀਅਨ ਲਈ ਉਡਾਣਾਂ ਮੁਅੱਤਲ ਕੀਤੀਆਂ ਜਾ ਰਹੀਆਂ ਹਨ | ਕੈਨੇਡਾ ਆਉਣ ਵਾਲੇ ਹਵਾਈ ਯਾਤਰੀਆਂ ਦਾ ਹੁਣ ਕੈਨੇਡਾ ਪਹੁੰਚਣ ‘ਤੇ ਕੋਵਿੰਡ-19 ਟੈਸਟ ਵੀ ਕੀਤਾ ਜਾਵੇਗਾ ਅਤੇ ਸਰਕਾਰ ਦੁਆਰਾ ਪ੍ਰਵਾਨਿਤ ਹੋਟਲਾਂ ‘ਚ ਨਤੀਜੇ ਆਉਣ ਤੱਕ ਯਾਤਰੀਆਂ ਨੂੰ ਉਡੀਕ ਕਰਨੀ ਪਵੇਗੀ | ਜਿਹੜੇ ਯਾਤਰੀ ਜੋ ਕੈਨੇਡਾ-ਅਮਰੀਕਾ ਸਰਹੱਦ ਸੜਕੀ ਰਸਤੇ ਪਾਰ ਕਰ ਰਹੇ ਹਨ, ਉਨ੍ਹਾਂ ਨੂੰ ਕੈਨੇਡਾ ਪਹੁੰਚਣ ‘ਤੇ ਇਕ ਨਕਾਰਾਤਮਕ ਕੋਵਿਡ-19 ਟੈਸਟ ਦੀ ਰਿਪੋਰਟ ਦੇਣੀ ਲਾਜ਼ਮੀ ਹੋਵੇਗੀ ਅਤੇ ਇਹ ਰਿਪੋਰਟ ਬਾਰਡਰ ਪਾਰ ਕਰਨ ਤੋਂ 72 ਘੰਟਿਆਂ ਦੇ ਅੰਦਰ ਹੋਣੀ ਲਾਜ਼ਮੀ ਹੈ | 14 ਦਿਨਾਂ ਦੇ ਇਕਾਂਤਵਾਸ ਦੀਆਂ ਜ਼ਰੂਰਤਾਂ ਨੂੰ ਵੀ 21 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ | ਸਿਰਫ ਜ਼ਰੂਰੀ ਯਾਤਰੀਆਂ ਜਿਵੇਂ ਕਿ ਟਰੱਕ ਡਰਾਈਵਰ, ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਤੇ ਜਿਹੜੇ ਕੰਮ ਲਈ ਨਿਯਮਤ ਤੌਰ ‘ਤੇ ਕੈਨੇਡਾ-ਅਮਰੀਕਾ ਦੀ ਸਰਹੱਦ ਪਾਰ ਕਰਦੇ ਹਨ, ਉਨ੍ਹਾਂ ਨੂੰ ਇਕਾਂਤਵਾਸ ਦੇ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ |


Share