ਕੈਨੇਡਾ ਅਦਾਲਤ ਵੱਲੋਂ ਪੰਜਾਬੀ ਅਮਰਜੀਤ ਲਾਂਬਾ ਨੂੰ ਉਮਰ ਕੈਦ ਦੀ ਸਜ਼ਾ

296
Share

– ਬਲਵਿੰਦਰ ਸਿੰਘ ਬੈਂਸ ਨੂੰ ਜਾਣਬੁੱਝ ਕੇ ਕਾਰ ਹੇਠਾਂ ਦਰੜ ਕੇ ਮਾਰਨ ਦਾ ਦੋਸ਼
– 12 ਸਾਲ ਤੱਕ ਪੈਰੋਲ ਵੀ ਨਾ ਮਿਲਣ ਦਾ ਹੁਕਮ ਜਾਰੀ
ਨਿਊਯਾਰਕ, 22 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਬਰੈਂਪਟਨ ਵਿਖੇ 2019 ’ਚ ਸੈਨਡਲਵੁੱਡ ਪਾਰਕਵੇਅ ਦੇ ਨੇੜੇ ਆਪਣੀ ਹੀ ਟੈਕਸੀ ਵਿਚ ਬੈਠੀ ਸਵਾਰੀ, ਪੰਜਾਬੀ ਮੂਲ ਦੇ ਬਲਵਿੰਦਰ ਬੈਂਸ ਨੂੰ ਜਾਣਬੁੱਝ ਕੇ ਕਾਰ ਹੇਠ ਦਰੜ ਕੇ ਮਾਰਨ ਦੇ ਦੋਸ਼ ਵਿਚ ਕੈਨੇਡਾ ਦੇ ਮਿਸੀਸਾਗਾ ਵਾਸੀ ਅਮਰਜੀਤ ਲਾਂਬਾ (55 ਸਾਲ) ਨੂੰ ਬੀਤੇ ਦਿਨੀਂ ਕੈਨੇਡਾ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 12 ਸਾਲ ਤੱਕ ਪੈਰੋਲ ਵੀ ਨਾ ਮਿਲਣ ਦਾ ਹੁਕਮ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ 25 ਦਸੰਬਰ, 2019 ਕਿ੍ਰਸਮਸ ਦੀ ਰਾਤ 11 ਵਜੇ ਸੈਂਡਲਵੁੱਡ ਪਾਰਕਵੇਅ ਈਸਟ ਦੇ ਦੱਖਣ ਵੱਲ ਸਥਿਤ ਸਨੀ ਮੈਡੋਅ ਬੁਲੇਵਾਰਡ ਅਤੇ ਰੈਡ ਰਿਵਰ ਡਰਾਈਵਰ ’ਤੇ ਹੋਈ ਵਾਰਦਾਤ ਦੌਰਾਨ ਇਕ ਟੈਕਸੀ ਡਰਾਈਵਰ ਇਕ ਮੁਸਾਫਰ ਨੂੰ ਲੈ ਕੇ ਪੁੱਜਿਆ। ਮੁਸਾਫਰ ਦੀ ਸ਼ਨਾਖਤ ਬਲਵਿੰਦਰ ਸਿੰਘ ਬੈਂਸ ਵਜੋਂ ਕੀਤੀ ਗਈ, ਜੋ ਵਾਰ-ਵਾਰ ਕਹਿ ਰਿਹਾ ਸੀ ਕਿ ਉਹ ਗਲਤ ਪਤੇ ’ਤੇ ਆ ਗਿਆ ਹੈ ਅਤੇ ਡਰਾਈਵਰ ਉਸ ਨੂੰ ਕਿਤੇ ਹੋਰ ਲੈ ਚੱਲੇ। ਪਰ ਡਾਲਰਾਂ ਦੇ ਚੱਕਰ ਵਿਚ ਡਰਾਈਵਰ ਨੇ ਕਥਿਤ ਤੌਰ ’ਤੇ ਬਲਵਿੰਦਰ ਸਿੰਘ ਬੈਂਸ ਨੂੰ ਗੱਡੀ ਹੇਠ ਦਰੜ ਦਿੱਤਾ। ਇਹ ਸਾਰੀ ਘਟਨਾ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਅਤੇ ਬਾਅਦ ਵਿਚ ਡਰਾਈਵਰ ਦੀ ਸ਼ਨਾਖਤ ਅਮਰਜੀਤ ਸਿੰਘ ਲਾਂਬਾ ਵਜੋਂ ਹੋਈ। ਦੋਸ਼ੀ ਕਤਲ ਕਰਨ ਤੋਂ ਬਾਅਦ ਵੀ ਆਮ ਵਾਂਗ ਸਵਾਰੀਆਂ ਦੀ ਢੋਆ-ਢੁਆਈ ਕਰਦਾ ਰਿਹਾ ਸੀ। ਅਦਾਲਤ ਵਿਚ ਦੋਸ਼ੀ ’ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਵੀ ਲੱਗੇ ਸਨ।
ਅਦਾਲਤ ਵੱਲੋਂ ਬੀਤੇ ਅਗਸਤ ਮਹੀਨੇ ਦੌਰਾਨ ਅਮਰਜੀਤ ਸਿੰਘ ਲਾਂਬਾ ਨੂੰ ਦੋਸ਼ੀ ਠਹਿਰਾਉਦਿਆਂ ਸਜ਼ਾ ਦਾ ਐਲਾਨ ਅੱਗੇ ਪਾ ਦਿੱਤਾ ਸੀ। ਅਮਰਜੀਤ ਸਿੰਘ ਲਾਂਬਾ ਦੇ ਪਰਿਵਾਰਕ ਮੈਂਬਰ ਵੀ ਸੁਣਵਾਈ ਦੌਰਾਨ ਹਾਜ਼ਰ ਰਹੇ।

Share