ਕੈਦੀ ਨੰਬਰ..241383 ‘ਨਵਜੋਤ ਸਿੱਧੂ’ ਦੀ ਨਵੀਂ ਪਛਾਣ

40
Share

ਚੰਡੀਗੜ੍ਹ, 20 ਮਈ (ਪੰਜਾਬ ਮੇਲ)- ਮਹਿੰਗੇ ਅਤੇ ਰੰਗ-ਬਿਰੰਗੇ ਰੇਸ਼ਮੀ ਸ਼ਾਲ, ਵੱਖ-ਵੱਖ ਚਟਕੀਲੇ ਰੰਗਾਂ ਦੇ ਪਠਾਣੀ ਕੁੜਤੇ-ਪਜਾਮੇ ਅਤੇ ਮੈਚਿੰਗ ਪੱਗਾਂ ਬੰਨ੍ਹਣ ਦੇ ਸ਼ੌਕੀਨ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਅੰਦਰ ਹੁਣ ਜੇਲ੍ਹ ਦੇ ਨਿਯਮਾਂ ਮੁਤਾਬਕ ਸਫ਼ੈਦ ਕੱਪੜੇ ਹੀ ਪਾਉਣੇ ਪੈਣਗੇ। ਸਜ਼ਾਯਾਫ਼ਤਾ ਕੈਦੀ ਹੋਣ ਦੇ ਨਾਤੇ ਸਿੱਧੂ ਨੂੰ ਜੇਲ੍ਹ ਵਿਭਾਗ ਵੱਲੋਂ 2 ਕੁੜਤੇ, 2 ਪੱਗੜੀਆਂ, ਕਲਮ, ਕੁਰਸੀ, ਮੇਜ, 3 ਅੰਡਰਵਿਅਰ ਅਤੇ ਬਨੈਣਾਂ, 2 ਤੌਲੀਏ, ਮੱਛਰਦਾਨੀ ਮਿਲੀ ਹੈ। ਜੇਲ੍ਹ ‘ਚ ਨਵਜੋਤ ਸਿੱਧੂ ਨੂੰ ਕੈਦੀ ਨੰਬਰ 241383 ਦੇ ਨਾਂ ਨਾਲ ਜਾਣਿਆ ਜਾਵੇਗਾ। ਸ਼ੁੱਕਰਵਾਰ ਦੇਰ ਸ਼ਾਮ ਕੇਂਦਰੀ ਜੇਲ੍ਹ ਪਟਿਆਲਾ ‘ਚ ਹੋਈ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਤੋਂ ਬਾਅਦ ਕੋਈ ਵੀ. ਆਈ. ਪੀ. ਟਰੀਟਮੈਂਟ ਨਾ ਦਿੰਦੇ ਹੋਏ ਆਮ ਕੈਦੀਆਂ ਦੀ ਤਰ੍ਹਾਂ ਹੀ ਬੈਰਕ ਅਲਾਟ ਕੀਤੀ ਗਈ ਹੈ।

ਹਾਲਾਂਕਿ ਜੇਲ੍ਹ ਸੁਪਰੀਡੈਂਟ ਨੂੰ ਸਿੱਧੂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੇ ਪੱਧਰ ‘ਤੇ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਜੇਲ੍ਹ ਸਕਿਓਰਿਟੀ ‘ਚ ਰਹਿਣ ਵਾਲੇ ਨਵਜੋਤ ਸਿੱਧੂ ਨੂੰ ਜੇਲ੍ਹ ਅੰਦਰ ਕੋਈ ਖ਼ਤਰਾ ਨਾ ਹੋਵੇ। ਹੁਣ ਸਜ਼ਾਯਾਫਤਾ ਕੈਦੀ ਨੂੰ ਜੇਲ੍ਹ ਅੰਦਰ ਮਿਲਣ ਵਾਲੀਆਂ ਸਹੂਲਤਾਵਾਂ ਬਰਾਬਰ ਰੂਪ ਨਾਲ ਹੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ‘ਚ ਤੈਅ ਦਿਨਾਂ ‘ਤੇ ਮੁਲਾਕਾਤ, ਪਰਿਵਾਰ ਦੇ ਪਹਿਲਾਂ ਤੋਂ ਤੈਅ ਕੀਤੇ ਗਏ ਫੋਨ ਨੰਬਰਾਂ ‘ਤੇ ਰੋਟੇਸ਼ਨ ਦੇ ਮੁਤਾਬਕ ਫੋਨ ਕਾਲਾਂ ਦੀ ਸਹੂਲਤ ਅਤੇ ਵਿਸ਼ੇਸ਼ ਮੌਕਿਆਂ ‘ਤੇ ਪਰਿਵਾਰਕ ਮੈਂਬਰਾਂ ਨਾਲ ਬੰਧਨ ਮੁਕਤ ਮੁਲਾਕਾਤ ਸ਼ਾਮਲ ਹੈ। ਨਵਜੋਤ ਸਿੰਘ ਸਿੱਧੂ ਨੂੰ ਸਖ਼ਤ ਕਾਰਾਵਾਸ ਦੀ ਸਜ਼ਾ ਹੋਣ ਮਗਰੋਂ ਜੇਲ੍ਹ ਸੁਪਰੀਡੈਂਟ ਉਨ੍ਹਾਂ ਦੀ ਯੋਗਤਾ ਮੁਤਾਬਕ ਕੰਮ ਦੇਣ ਦਾ ਫ਼ੈਸਲਾ ਕਰਨਗੇ, ਹਾਲਾਂਕਿ ਜੇਲ੍ਹ ਨਿਯਮਾਂ ਮੁਤਾਬਕ ਜੇਕਰ ਜੇਲ ਦੇ ਡਾਕਟਰ ਸਿੱਧੂ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਸਿਹਤ ਦੇ ਆਧਾਰ ‘ਤੇ ਮਜ਼ਦੂਰੀ ‘ਚ ਨਾ ਲਾਉਣ ਦੀ ਸਿਫ਼ਾਰਿਸ਼ ਕਰਨਗੇ ਤਾਂ ਜੇਲ੍ਹ ਸੁਪਰੀਡੈਂਟ ਸਿੱਧੂ ਨੂੰ ਉਨ੍ਹਾਂ ਦੀ ਸਿਹਤ ਮੁਤਾਬਕ ਕੀਤੇ ਜਾਣ ਵਾਲੇ ਕੰਮਾਂ ‘ਚ ਲਾ ਸਕਦੇ ਹਨ।


Share