ਕੈਦੀਆਂ ਦਾ ਕਮਾਲ: ਕੰਧਾ ‘ਤੇ ਲਾਏ ਬੂਟੇ

714
Share

ਔਕਲੈਂਡ ਬੰਦਰਗਾਹ ਉਤੇ ਆਯਾਤ ਕਾਰਾਂ ਦੇ ਲਈ ਬਣ ਰਹੀ ਵੱਡੀ ਬਿਲਡਿੰਗ ਦੀਆਂ ਕੰਧਾਂ ‘ਤੇ ਬੂਟਿਆਂ ਦੀ ਸੁੰਦਰਤਾ
ਔਕਲੈਂਡ, 16 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਔਕਲੈਂਡ ਬੰਦਰਗਾਹ ਜਿੱਥੇ ਵੱਡੇ ਕਰੂਜ਼ ਸ਼ਿੱਪ ਅਤੇ ਹੋਰ ਸਮੁੰਦਰੀ ਜਹਾਜ਼ ਸਮਾਨ ਲੈ ਕੇ ਅੱਪੜਦੇ ਹਨ, ਵਿਖੇ ਇਕ ਬਹੁਤ ਵੱਡੀ ਬਿਲਡਿੰਗ ਉਸਾਰੀ ਜਾ ਰਹੀ ਹੈ, ਜਿਸ ਦੀ ਸੁੰਦਰਤਾ ਦੇ ਵਾਸਤੇ ਦੁਨੀਆ ਦਾ ਪਹਿਲਾ ਕੰਮ ਕੀਤਾ ਜਾ ਰਿਹਾ ਹੈ। ਇਹ ਬਿਲਡਿੰਗ ਇਥੇ ਆਯਾਤ ਹੋ ਕੇ ਆਉਣ ਵਾਲੀਆਂ ਕਾਰਾਂ ਦੇ ਵਾਸਤੇ ਬਣਾਈ ਗਈ ਹੈ। ਇਸਦੀਆਂ ਕੰਧਾਂ ਦੇ ਉਤੇ ਲਟਕਵੇਂ ਬੂਟੇ ਮਾਡਰਨ ਸਿੰਚਾਈ ਦੇ ਤਰੀਕੇ ਨਾਲ ਲਗਾਏ ਜਾ ਰਹੇ ਹਨ। ਇਨ੍ਹਾਂ ਬੂਟਿਆਂ ਨੂੰ ਖਾਸ ਕਿਸਮ ਦੇ ਪਰਦੇ ਉਤੇ ਬਣੀਆਂ ਜੇਬਾਂ ਦੇ ਵਿਚ ਲਗਾਇਆ ਜਾ ਰਿਹਾ ਹੈ ਅਤੇ ਸੈਂਸਰ ਦੇ ਨਾਲ ਇਨ੍ਹਾਂ ਨੂੰ ਆਟੋਮੈਟਿਕ ਪਾਣੀ ਮਿਲਿਆ ਕਰੇਗਾ ਤਾਂ ਕਿ ਇਹ ਹਰੇ-ਭਰੇ ਰਹਿਣ। ਇਹ ਅਜਿਹੇ ਬੂਟੇ ਹਨ ਜਿਨ੍ਹਾਂ ਦੇ ਕੋਲ ਮੱਛਰ ਆਦਿ ਨਹੀਂ ਪਹੁੰਚਦਾ। ਇਹ ਲਟਕਵਾਂ ਬਗੀਚਾ ਪਾਰੀਮੋਰੀਮੋ ਜ਼ੇਲ੍ਹ ਦੇ ਕੈਦੀਆਂ ਵੱਲੋਂ ਬਣਾਇਆ ਗਿਆ ਹੈ। ਜੋ ਵੀ ਡਿਜ਼ਾਈਨ ਦੇ ਵਿਚ ਵਰਤਿਆ ਗਿਆ ਹੈ ਉਹ ਦੁਬਾਰਾ ਵਰਤਿਆ ਜਾ ਸਕਦਾ ਹੈ ਅਤੇ ਰੀਸਾਈਕਲ ਹੋ ਸਕੇਗਾ। ਇਸ ਹੈਂਗਿੰਗ ਗਾਰਡਨ ਦੇ ਵਿਚ 3800 ਬੂਟੇ ਲਾਏ ਜਾਣਗੇ। ਬਾਇਓ ਸਕਿਉਰਿਟੀ ਵੱਲੋਂ ਬੂਟਿਆਂ ਦੀ ਸ਼੍ਰੇਣੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਰੋਜ਼ਾਨਾ 2 ਮਿੰਟ ਵਾਸਤੇ ਇਨ੍ਹਾਂ ਬੂਟਿਆਂ ਨੂੰ ਆਪਣੇ ਆਪ ਪਾਣੀ ਮਿਲੇਗਾ। ਰਾਤ ਨੂੰ ਲਾਈਟਾਂ ਦਾ ਪ੍ਰਬੰਧ ਵੀ ਹੋਵੇਗਾ ਅਤੇ ਲੋਕਾਂ ਨੂੰ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲੇਗਾ। ਇਸ ਬਿਲਡਿੰਗ ਦੇ ਉਤੇ ਕਾਰ ਪਾਰਕ ਵੀ ਬਣਾਈ ਜਾ ਰਹੀ ਹੈ।


Share