ਸਰੀ, 3 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੇ ਅੱਜ ਪਾਰਟੀ ਦੇ ਲੀਡਰ ਐਰਿਨ ਓ ਟੂਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਉਪਰੰਤ ਮੈਨੀਟੋਬਾ ਤੋਂ ਪਾਰਟੀ ਦੀ ਐਮਪੀ ਕੈਂਡਿਸ ਬਰਗਨ ਨੂੰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦਾ ਅੰਤ੍ਰਿਮ ਲੀਡਰ ਚੁਣ ਲਿਆ ਹੈ। ਕੈਡਿਸ ਬਰਗਨ ਨਵੇਂ ਪ੍ਰਧਾਨ ਦੀ ਚੋਣ ਤੱਕ ਅੰਤ੍ਰਿਮ ਲੀਡਰ ਵਜੋਂ ਕਾਰਜ ਕਰਦੇ ਰਹਿਣਗੇ।
ਅੱਜ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੇ ਲੀਡਰਸ਼ਿਪ ਨੂੰ ਲੈ ਕੇ ਵੋਟਿੰਗ ਕੀਤੀ ਅਤੇ ਕੁੱਲ 118 ਮੈਂਬਰਾਂ ਵਿੱਚੋਂ 73 ਪਾਰਲੀਮੈਂਟ ਮੈਂਬਰਾਂ ਨੇ ਐਰਿਨ ਓ ਟੂਲ ਨੂੰ ਲੀਡਰਸ਼ਿਪ ਤੋਂ ਲਾਂਭੇ ਕਰਨ ਦੇ ਪੱਖ ਵਿਚ ਵੋਟਿੰਗ ਕੀਤੀ ਅਤੇ ਸਿਰਫ਼ 45 ਪਾਰਲੀਮੈਂਟ ਮੈਂਬਰਾਂ ਨੇ ਹੀ ਐਰਿਨ ਓ ਟੂਲ ਦਾ ਸਾਥ ਦਿੱਤਾ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਲ 2015 ਵਿਚ ਕੰਜ਼ਰਵੇਟਿਵ ਪਾਰਟੀ ਨੂੰ ਪਾਰਲੀਮੈਂਟ ਚੋਣਾਂ ਵਿੱਚ ਹਾਰ ਮਿਲੀ ਸੀ ਅਤੇ ਉਸ ਸਮੇਂ ਦੇ ਪਾਰਟੀ ਲੀਡਰ ਸਟੀਫਨ ਹਾਰਪਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਲਈ ਇਹ ਤੀਜਾ ਮੌਕਾ ਹੈ ਕਿ ਉਸ ਨੂੰ ਆਪਣੇ ਨਵੇਂ ਲੀਡਰ ਦੀ ਭਾਲ ਕਰਨੀ ਪੈ ਰਹੀ ਹੈ।
ਹੁਣ ਪਾਰਟੀ ਦੀ ਲੀਡਰਸ਼ਿਪ ਹਥਿਆਉਣ ਲਈ ਪੀਅਰ ਪੌਲੀਐਵਰ, ਲੈਜ਼ਲਿਨ ਲੁਇਸ, ਮਾਈਕਲ ਚੌਂਗ, ਕੈਂਡਿਸ ਬਰਗਨ ਅਤੇ ਮਿਸ਼ੈਲ ਰੈਂਪਲ ਗਾਰਨਰ ਦਾਅਵੇਦਾਰ ਦੱਸੇ ਜਾ ਰਹੇ ਹਨ।