ਕੇਰਲ ਜਹਾਜ਼ ਹਾਦਸਾ : ਬਲੈਕ ਬਾਕਸ ਮਿਲਿਆ, ਏ.ਏ.ਆਈ.ਬੀ. ਕਰੇਗੀ ਹਾਦਸੇ ਦੀ ਜਾਂਚ

552
Share

ਕੋਝੀਕੋਡ, 9 ਅਗਸਤ (ਪੰਜਾਬ ਮੇਲ)-ਬੀਤੀ ਰਾਤ ਕੇਰਲ ਵਿਚ ਕੋਝੀਕੋਡ ਦੇ ਕਾਰੀਪੁਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ, ਜੋ ਇਸ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ‘ਤੇ ਹੋਰ ਚਾਨਣਾ ਪਾ ਸਕਦਾ ਹੈ, ਜਿਸ ਨੂੰ ਅਗਲੇਰੀ ਜਾਂਚ ਲਈ ਦਿੱਲੀ ਭੇਜਿਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਘਟਨਾ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਘਟਨਾ ਸਥਾਨ ‘ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਰੀ ਨੇ ਟਵੀਟ ਕਰਦਿਆਂ ਦੱਸਿਆ ਕਿ ਜਹਾਜ਼ ਦਾ ਡਿਜੀਟਲ ਫਲਾਈਟ ਡਾਟਾ ਰਿਕਾਰਡਰ (ਡੀ. ਐਫ਼. ਡੀ. ਆਰ.) ਅਤੇ ਕਾਕਪਿਟ ਵਾਇਸ ਰਿਕਾਰਡਰ (ਸੀ. ਵੀ. ਆਰ.) ਬਰਾਮਦ ਕਰ ਲਿਆ ਗਿਆ ਹੈ ਅਤੇ ਜਹਾਜ਼ ਹਾਦਸਿਆਂ ਬਾਰੇ ਜਾਂਚ ਬਿਊਰੋ (ਏ. ਏ. ਆਈ. ਬੀ.) ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਦੱਸਿਆ ਕਿ ਬਲੈਕ ਬਾਕਸ ਨੂੰ ਜਾਂਚ ਲਈ ਦਿੱਲੀ ਭੇਜਿਆ ਜਾਵੇਗਾ। ਪੁਰੀ ਵਲੋਂ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ, ਜਦੋਂ ਕਿ ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ 149 ਜ਼ਖ਼ਮੀ ਯਾਤਰੀਆਂ ‘ਚੋਂ 16 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਜਹਾਜ਼ ਹਾਦਸੇ ‘ਚ ਮਾਰੇ ਗਏ ਇਕ ਯਾਤਰੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਬਚਾਅ ਕਾਰਜਾਂ ‘ਚ ਸ਼ਾਮਿਲ ਰਹੇ ਵਿਅਕਤੀਆਂ ਨੂੰ ਆਪਣੇ-ਆਪ ਨੂੰ ਕੁਆਰੰਟੀਨ ਕਰਕੇ ਟੈਸਟ ਕਰਵਾਉਣ ਲਈ ਕਿਹਾ ਹੈ। ਉੱਧਰ ਕੇਰਲ ਦੇ ਮੁੱਖ ਮੰਤਰੀ ਪਿਨਾਰਾਏ ਵਿਜੇਅਨ ਨੇ ਹਾਦਸੇ ਤੋਂ ਤੁਰੰਤ ਬਾਅਦ ਮਦਦ ਲਈ ਪਹੁੰਚੇ ਸਥਾਨਕ ਲੋਕਾਂ ਦੀ ਪ੍ਰਸੰਸਾ ਵੀ ਕੀਤੀ ਹੈ।


Share