ਕੋਝੀਕੋਡ, 8 ਅਗਸਤ (ਪੰਜਾਬ ਮੇਲ)- ਕੇਰਲ ਦੇ ਕੋਝੀਕੋਡ ‘ਚ ਸ਼ੁੱਕਰਵਾਰ ਯਾਨੀ ਕਿ ਕੱਲ ਸ਼ਾਮ ਇਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਇਸ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦਾ ਅੰਕੜਾ 18 ਤੱਕ ਪੁੱਜ ਗਿਆ ਹੈ। ਕੇਰਲ ਦੇ ਮਲਪੁਰਮ ਦੇ ਜ਼ਿਲ੍ਹਾ ਅਧਿਕਾਰੀ ਕੇ. ਗੋਪਾਲਕ੍ਰਿਸ਼ਨਨ ਨੇ ਸ਼ਨੀਵਾਰ ਨੂੰ ਇਸ ਜਹਾਜ਼ ਹਾਦਸੇ ਵਿਚ 18 ਲੋਕਾਂ ਦੀ ਮੌਤ ਅਤੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਗੋਪਾਲਕ੍ਰਿਸ਼ਨਨ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਮਲਪੁਰਮ ਅਤੇ ਕੋਝੀਕੋਡ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦਾ ਹਰਸੰਭਵ ਇਲਾਜ ਕੀਤਾ ਜਾ ਰਿਹਾ ਹੈ।
ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਜੋ ਕਿ ਦੁਬਈ ਤੋਂ ਕੇਰਲ ਦੇ ਕੋਝੀਕੋਡ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਦੱਸਿਆ ਕਿ ਦੁਬਈ ਤੋਂ ਆਇਆ ਇਹ ਜਹਾਜ਼ ਕੋਝੀਕੋਡ ਹਵਾਈ ਅੱਡੇ ‘ਤੇ ਸ਼ਾਮ 7 ਵਜੇ ਕੇ 41 ਮਿੰਟ ‘ਤੇ ਹਵਾਈ ਅੱਡੇ ਦੇ ਰਨਵੇਅ ਤੋਂ ਫਿਸਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੋ ਹਿੱਸਿਆਂ ‘ਚ ਟੁੱਟ ਗਿਆ। ਜਹਾਜ਼ ਵਿਚ 174 ਯਾਤਰੀ, 10 ਬੱਚੇ, ਦੋ ਪਾਇਲਟ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਜਹਾਜ਼ ਫਿਸਲ ਕੇ 35 ਫੁੱਟ ਡੂੰਘੀ ਖੱਡ ‘ਚ ਜਾ ਡਿੱਗਿਆ।
ਓਧਰ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੰਦਭਾਗੀ ਘਟਨਾ ਹੈ। 127 ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦਰਅਸਲ ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਐਕਸਪ੍ਰੈੱਸ ਏਐੱਕਸਬੀ1344, ਬੋਇੰਗ 737 ਦੁਬਈ ਤੋਂ ਕੋਝੀਕੋਡ ਆ ਰਿਹਾ ਸੀ। ਜਹਾਜ਼ ਰਨਵੇਅ ਨੂੰ ਪਾਰ ਕਰਦਾ ਹੋਇਆ ਕੰਧ ਨਾਲ ਟਕਰਾਇਆ ਅਤੇ ਦੋ ਹਿੱਸਿਆਂ ਵਿਚ ਵੰਡਿਆ ਗਿਆ।