ਕੇਰਲ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ, ਪਾਇਲਟ ਸਣੇ 15 ਦੀ ਮੌਤ

563
Share

ਤਿਰੁਵੰਤਪੁਰਮ,  7 ਅਗਸਤ (ਪੰਜਾਬ ਮੇਲ)- ਕੇਰਲ ‘ਚ ਕੋਝੀਕੋਡ ਏਅਰਪੋਰਟ ‘ਤੇ ਏਅਰ ਇੰਡੀਆ ਦਾ ਜਹਾਜ਼ ਰਨਵੇ ‘ਤੇ ਫਿਸਲ ਗਿਆ। ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਰਨਵੇ ‘ਤੇ ਜਹਾਜ਼ ਦੇ ਫਿਸਲਣ ਤੋਂ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਦੋ ਹਿੱਸਿਆਂ ‘ਚ ਟੁੱਟ ਗਿਆ। ਜਾਣਕਾਰੀ ਮੁਤਾਬਕ ਜਹਾਜ਼ ਦੁਬਈ ਵਲੋਂ ਤੋਂ ਆ ਰਿਹਾ ਸੀ, ਜਿਸ ‘ਚ 10 ਬੱਚਿਆਂ ਅਤੇ 6 ਕਰੂ ਮੈਂਬਰ ਸਮੇਤ 180 ਯਾਤਰੀ ਸਵਾਰ ਸਨ। ਇਸ ਹਾਦਸੇ ‘ਚ ਪਾਇਲਟ ਸਮੇਤ 15 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿਚ ਇਕ ਬੱਚਾ ਵੀ ਸ਼ਾਮਲ ਹੈ ਜਦਕਿ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਡੀ.ਜੀ.ਸੀ.ਏ. ਮੁਤਾਬਕ ਏਅਰ ਇੰਡੀਆ ਐਕਸਪ੍ਰੇਸ AXB1344, B737 ਦੁਬਈ ਤੋਂ ਕਾਲੀਕਟ ਆ ਰਿਹਾ ਸੀ। ਭਾਰੀ ਮੀਂਹ ਕਾਰਨ ਰਨਵੇ ‘ਤੇ ਉਤਰਨ ਤੋਂ ਬਾਅਦ ਜਹਾਜ਼ ਫਿਸਲ ਗਿਆ ਅਤੇ ਦੋ ਟੁਕੜਿਆਂ ‘ਚ ਟੁੱਟ ਗਿਆ। ਐਨ.ਡੀ.ਆਰ.ਐਫ. ਦੀ ਟੀਮ ਕੋਝੀਕੋਡ ਲਈ ਰਵਾਨਾ ਹੋ ਗਈ ਹੈ।

ਸੀ.ਆਈ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਰਾਜੇਸ਼ ਰੰਜਨ ਨੇ ਦੱਸਿਆ ਕਿ ਸਾਡੇ ਕਰਮਚਾਰੀ ਬਚਾਅ ਕਾਰਜ ‘ਚ ਮਦਦ ਕਰ ਰਹੇ ਹਨ। ਸਾਡੇ ਕੋਲ ਅਜੇ ਤੱਕ ਜ਼ਖ਼ਮੀਆਂ ਦੀ ਗਿਣਤੀ ਨਹੀਂ ਹੈ ਪਰ ਸਾਡੇ ਕਰਮਚਾਰੀ ਜਹਾਜ਼ ‘ਚ ਸਵਾਰ ਮੁਸਾਫਰਾਂ ਨੂੰ ਕੱਢਣ ‘ਚ ਮਦਦ ਕਰ ਰਹੇ ਹਨ।

ਜਹਾਜ਼ ਹਾਦਸੇ ‘ਚ ਕਈ ਲੋਗ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਘਟਨਾ ਸਥਾਨ ‘ਤੇ ਭਾਜੜ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰਾਹਤ-ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਜਹਾਜ਼ ‘ਚ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੁਬਈ ਤੋਂ ਮੁਸਾਫਰਾਂ ਨੂੰ ਵਾਪਸ ਲਿਆਇਆ ਜਾ ਰਿਹਾ ਸੀ।

ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਪੁਲਸ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਾਰੀਪੁਰ ‘ਚ ਕੋਝੀਕੋਡ ਅੰਤਰਰਾਸ਼ਟਰੀ ਹਵਾਈ ਅੱਡੇ (CCJ) ‘ਚ ਜਹਾਜ਼ ਹਾਦਸੇ ਦੇ ਮੱਦੇਨਜ਼ਰ ਤੱਤਕਾਲ ਕਾਰਵਾਈ ਕਰਨ। ਅਧਿਕਾਰੀਆਂ ਨੂੰ ਬਚਾਅ ਅਤੇ ਡਾਕਟਰੀ ਸਹਾਇਤਾ ਲਈ ਜ਼ਰੂਰੀ ਵਿਵਸਥਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ।


Share