ਕੇਜਰੀਵਾਲ ਵੱਲੋਂ ਪੰਜਾਬ ਦੇ ਸਾਰੇ ਵਰਗਾਂ ਲਈ 300 ਯੂਨਿਟ ਮੁਫਤ ਬਿਜਲੀ ਦੇਣ ਦੀ ਗਾਰੰਟੀ

113
ਸੰਮੇਲਨ ਦੌਰਾਨ ਹਾਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ, ਸੰਸਦ ਮੈਂਬਰ ਭਗਵੰਤ ਮਾਨ, ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਰਾਘਵ ਚੱਢਾ, ਸਾਬਕਾ ਆਈ.ਜੀ ਪੰਜਾਬ ਕੁੰਵਰ ਵਿਜੈ ਪ੍ਰਤਾਪ।
Share

– ‘ਆਪ’ ਦੀ ਸਰਕਾਰ ਆਉਣ ’ਤੇ ਸਾਰੇ ਪੁਰਾਣੇ ਬਿਲ ਤੇ ਦੇਣਦਾਰੀਆਂ ਕੀਤੀਆਂ ਜਾਣਗੀਆਂ ਮਾਫ : ਕੇਜਰੀਵਾਲ
– ਪੰਜਾਬ ਦੇ ਵਸਨੀਕਾਂ ਲਈ 24 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਕੀਤਾ ਵਾਅਦਾ
– ਪੰਜਾਬ ’ਚ ਚੱਲ ਰਹੀਆਂ ਮੌਜੂਦਾ ਬਿਜਲੀ ਸਕੀਮਾਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ
ਚੰਡੀਗੜ੍ਹ, 30 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਪੰਜਾਬੀਆਂ ਦੀ ਆਰਥਿਕ ਖੁਸ਼ਹਾਲੀ ਦਾ ਮੰਤਰ ਦਿੰਦਿਆਂ ‘ਆਪ’ ਵੱਲੋਂ ਪਹਿਲੀ ‘ਗਾਰੰਟੀ’ ਦਾ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸੂਬੇ ਦੇ ਹਰੇਕ ਪਰਿਵਾਰ ਨੂੰ 24 ਘੰਟੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਪੁਰਾਣੇ ਬਿਜਲੀ ਦੇ ਰਹਿੰਦੇ ਬਿੱਲ ਵੀ ਮੁਆਫ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਦੋ ਸੌ ਯੂਨਿਟ ਮੁਫਤ ਬਿਜਲੀ ਪ੍ਰਾਪਤ ਕਰ ਰਹੇ ਐੱਸ.ਸੀ., ਬੀ.ਸੀ., ਆਜ਼ਾਦੀ ਘੁਲਾਟੀਏ ਆਦਿ ਵਰਗ ਹੁਣ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਬਿਜਲੀ ਬਿੱਲ ਨਾ ਭਰਨ ਕਰਕੇ ਕੱਟੇ ਗਏ ਬਿਜਲੀ ਕੁਨੈਕਸ਼ਨਾਂ ਨੂੰ ਮੁੜ ਜੋੜ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪਹਿਲੀ ਹੀ ਕਲਮ ਦੇ ਨਾਲ ਪਹਿਲੀ ਗਾਰੰਟੀ ਦੇ ਐਲਾਨਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਸਮੇਂ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਵਿਧਾਇਕ ਰਾਘਵ ਚੱਢਾ, ਸਾਬਕਾ ਆਈ.ਜੀ ਪੰਜਾਬ ਕੁੰਵਰ ਵਿਜੈ ਪ੍ਰਤਾਪ ਹਾਜ਼ਰ ਸਨ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਪੰਜਾਬ ਆਉਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦਰ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦੇਣ ਲਈ ਆਏ ਹਨ ਕਿ 2022 ਵਿਚ ਆਮ ਆਦਮੀ ਪਾਰਟੀ ਸਰਕਾਰ ਬਣਨ ’ਤੇ ਪੰਜਾਬ ’ਚ ਇਹ ਕੰਮ ਜ਼ਰੂਰ ਕੀਤੇ ਜਾਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਗਾਰੰਟੀ ਲਈ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਸਿਰਜੋੜ ਕੇ ਕੰਮ ਕਰਨਗੇ।
ਸੰਮੇਲਨ ਦੌਰਾਨ ਹਾਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ, ਸੰਸਦ ਮੈਂਬਰ ਭਗਵੰਤ ਮਾਨ, ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਰਾਘਵ ਚੱਢਾ, ਸਾਬਕਾ ਆਈ.ਜੀ ਪੰਜਾਬ ਕੁੰਵਰ ਵਿਜੈ ਪ੍ਰਤਾਪ।

ਮੰਗਲਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਰਾਹੀਂ ਪੰਜਾਬ ਦੇ ਲੋਕਾਂ ਅੱਗੇ ਆਪਣੀ ਪਹਿਲੀ ਗਾਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸੂਬੇ ਦੇ ਹਰੇਕ ਪਰਿਵਾਰ ਨੂੰ ਬਿਜਲੀ ਦੀਆਂ ਪਹਿਲੀਆਂ 300 ਯੂਨਿਟਾਂ ਮੁਫਤ ਦਿੱਤੀਆਂ ਜਾਣਗੀਆਂ, ਪਰ ਕਿਸੇ ਯੋਜਨਾ ਦਾ ਲਾਭਪਾਤਰੀ ਨਾ ਹੋਣ ’ਤੇ 300 ਤੋਂ ਵੱਧ ਯੂਨਿਟਾਂ ਦੀ ਖਪਤ ’ਤੇ ਪੂਰਾ ਬਿੱਲ ਵਸੂਲ ਕੀਤਾ ਜਾਵੇਗਾ। ਉੁਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿਚ 200 ਯੂਨਿਟਾਂ ਦੀ ਮੁਆਫੀ ਦਾ ਲਾਭ ਲੈਣ ਵਾਲੇ ਪਰਿਵਾਰਾਂ ਨੂੰ 300 ਯੂਨਿਟਾਂ ਮੁਫਤ ਦਿੱਤੀਆਂ ਜਾਣਗੀਆਂ, ਜੇਕਰ 300 ਯੂਨਿਟਾਂ ਤੋਂ ਵੱਧ ਦੀ ਖਪਤ ਹੋ ਜਾਂਦੀ ਹੈ, ਤਾਂ ਕੇਵਲ ਵਾਧੂ ਯੂਨਿਟਾਂ ਦਾ ਹੀ ਬਿੱਲ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦੀ ਗਾਰੰਟੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦੇ ਨਹੀਂ, ਜੋ ਪੂਰੇ ਹੀ ਨਾ ਹੋਣ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਭਰ 24 ਘੰਟੇ ਬਿਜਲੀ ਦੇਣ ਲਈ ਸਪਲਾਈ ਵਿਵਸਥਾ ਠੀਕ ਕੀਤੀ ਜਾਵੇਗੀ, ਜਿਸ ਦੇ ਲਈ 3 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਗਾਰੰਟੀ ਲਾਗੂ ਹੋ ਜਾਣ ਨਾਲ ਪੰਜਾਬ ਦੇ 80 ਫੀਸਦੀ ਲੋਕਾਂ ਨੂੰ ਬਿਜਲੀ ਦੇ ਭਾਰੀ ਬਿੱਲਾਂ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਬਿਜਲੀ ਉਤਪਾਦਨ ਕਰਨ ਵਾਲਾ ਸੂਬਾ ਹੈ, ਪਰ ਇੱਥੇ ਹੋਰਨਾਂ ਰਾਜਾਂ ਨਾਲੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਇੱਕ ਪੱਖੇ ਅਤੇ ਦੋ ਬੱਲਬਾਂ ਵਾਲੇ ਪਰਿਵਾਰ ਨੂੰ 50 ਹਜ਼ਾਰ 9 ਸੌ ਰੁਪਿਆਂ ਦਾ ਬਿਜਲੀ ਬਿੱਲ ਭਰਨਾ ਪੈਂਦਾ ਹੈ, ਜਦੋਂਕਿ ਆਮ ਆਦਮੀ ਦੀ ਦਿੱਲੀ ਸਰਕਾਰ ਬਿਜਲੀ ਖਰੀਦ ਕੇ ਵੀ ਸਭ ਤੋਂ ਸਸਤੀ ਅਤੇ ਮੁਫਤ ਬਿਜਲੀ ਦੇ ਰਹੀ ਹੈ।
ਕੇਜਰੀਵਾਲ ਨੇ ਪੰਜਾਬ ਦੇ ਸੱਤਾਧਾਰੀਆਂ ਅਤੇ ਬਿਜਲੀ ਕੰਪਨੀਆਂ ਵਿਚਕਾਰ ਮਿਲੀਭੁਗਤ ਹੋਣ ਦਾ ਦੋਸ ਲਾਉਂਦਿਆਂ ਕਿਹਾ ਕਿ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੋਣ ਦੇ ਬਾਵਜੂਦ ਪੰਜਾਬ ਵਾਸੀਆਂ ਨੂੰ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ। ਇਹੋ ਹਾਲ ਪਹਿਲਾਂ ਦਿੱਲੀ ਰਾਜ ਵਿਚ ਸੀ। ਜਦੋਂ ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਸਰਕਾਰ ਬਣੀ, ਤਾਂ ਉਥੇ ਬਿਜਲੀ ਕੰਪਨੀਆਂ ਦੇ ਕੰਮਾਂ ਅਤੇ ਖਾਤਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਬਿਜਲੀ ਕੰਪਨੀਆਂ ਦੀ ਸੱਤਾਧਾਰੀਆਂ ਨਾਲ ਮਿਲੀਭੁਗਤ ਨੂੰ ਬੰਦ ਕਰ ਦਿੱਤਾ ਗਿਆ ਅਤੇ ਦਿੱਲੀ ਵਾਸੀਆਂ ਨੂੰ ਮੁਫਤ ਬਿਜਲੀ ਦੇਣ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੈਸੇ ਦੀ ਕੋਈ ਘਾਟ ਨਹੀਂ ਹੈ, ਪਰ ਇੱਥੇ ਮਾਫੀਆ ਰਾਜ ਹੋਣ ਕਾਰਨ ਆਮ ਲੋਕ ਗਰੀਬ ਹੁੰਦੇ ਜਾ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ, ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਵੀ ਮੌਜੂਦ ਸਨ।

Share