ਕੇਂਦਰ ਸਰਕਾਰ ਵੱਲੋਂ ਫਰੀਡਮ ਹਾਊਸ ਦੀ ਭਾਰਤ ਨੂੰ ‘ਅੰਸ਼ਿਕ ਆਜ਼ਾਦੀ’ ਦਾ ਦਰਜਾ ਦੇਣ ਵਾਲੀ ਰਿਪੋਰਟ ਰੱਦ

126
Share

ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਫਰੀਡਮ ਹਾਊਸ ਦੀ ਭਾਰਤ ਨੂੰ ‘ਅੰਸ਼ਿਕ ਆਜ਼ਾਦੀ’ ਦਾ ਦਰਜਾ ਦੇਣ ਵਾਲੀ ਰਿਪੋਰਟ ਰੱਦ ਕਰਦਿਆਂ ਇਸ ਨੂੰ ‘ਭਰਮਾਊ, ਗ਼ਲਤ ਅਤੇ ਅਢੁਕਵੀਂ’ ਕਰਾਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਵਿਚ ਸਾਰੇ ਨਾਗਰਿਕਾਂ ਨਾਲ ਬਿਨਾਂ ਭੇਦ-ਭਾਵ ਤੋਂ ਬਰਾਬਰਤਾ ਵਾਲਾ ਸਲੂਕ ਕੀਤਾ ਜਾਂਦਾ ਹੈ ਅਤੇ ਜ਼ੋਰ ਦਿੱਤਾ ਕਿ ਵਿਚਾਰ-ਵਟਾਂਦਰਾ, ਬਹਿਸ ਅਤੇ ਅਸਹਿਮਤੀ ਭਾਰਤੀ ਜਮਹੂਰੀਅਤ ਦਾ ਹਿੱਸਾ ਹਨ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ, ‘‘ਫਰੀਡਮ ਹਾਊਸ ਵੱਲੋਂ ‘ਘੇਰਾਬੰਦੀ ਅਧੀਨ ਜਮਹੂਰੀਅਤ’ ਸਿਰਲੇਖ ਹੇਠ ਜਾਰੀ ਰਿਪੋਰਟ ਵਿਚ ਭਾਰਤ ਦੇ ਆਜ਼ਾਦ ਦੇਸ਼ ਦੇ ਦਰਜੇ ਨੂੰ ਘਟਾ ਕੇ ‘ਅੰਸ਼ਿਕ ਆਜ਼ਾਦ’ ਦੇਸ਼ ਕੀਤਾ ਗਿਆ ਹੈ। ਇਹ ਰਿਪੋਰਟ ਭਰਮਾਊ, ਗ਼ਲਤ ਅਤੇ ਅਢੁਕਵੀਂ ਹੈ।’’ ਜ਼ਿਕਰਯੋਗ ਹੈ ਕਿ ਅਮਰੀਕਾ ਦੀ ਥਿੰਕ ਟੈਂਕ ਸੰਸਥਾ ਫਰੀਡਮ ਹਾਊਸ ਨੇ ਬੀਤੇ ਦਿਨੀਂ ਆਪਣੀ ਰਿਪੋਰਟ ਵਿਚ ਭਾਰਤ ਨੂੰ ‘ਅੰਸ਼ਿਕ ਆਜ਼ਾਦੀ’ ਵਾਲਾ ਦੇਸ਼ ਕਰਾਰ ਦਿੱਤਾ ਸੀ।

Share