ਕੇਂਦਰ ਸਰਕਾਰ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਬਾਹਰਲੀਆਂ ਸਰਾਵਾਂ ’ਤੇ 12 ਫੀਸਦੀ ਜੀ.ਐੱਸ.ਟੀ. ਦੀ ਸ਼ਰਤ ਲਾਗੂ

34
Share

ਅੰਮ੍ਰਿਤਸਰ, 2 ਅਗਸਤ (ਪੰਜਾਬ ਮੇਲ)- ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸਮੂਹ ਤੋਂ ਬਾਹਰ ਸਥਿਤ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ ’ਤੇ 12 ਫੀਸਦੀ ਜੀ.ਐੱਸ.ਟੀ. ਦੀ ਸ਼ਰਤ ਲਾਗੂ ਕਰ ਦਿੱਤੀ ਗਈ ਹੈ, ਜਿਸ ਕਰਕੇ ਸ਼੍ਰੋਮਣੀ ਕਮੇਟੀ ਦੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਂ ਸਾਰਾਗੜੀ ਨਿਵਾਸ ’ਤੇ ਵੀ ਲਗਪਗ ਦੋ ਕਰੋੜ ਰੁਪਏ ਤੋਂ ਵੱਧ ਟੈਕਸ ਅਤੇ ਜੁਰਮਾਨਾ ਲਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਲੰਗਰ ਘਰ ਲਈ ਖਰੀਦੀਆਂ ਜਾਂਦੀਆਂ ਵਸਤਾਂ ’ਤੇ ਵੀ ਜੀ.ਐੱਸ.ਟੀ. ਲਾਇਆ ਗਿਆ ਸੀ, ਜਿਸ ਨੂੰ ਹਟਾਉਣ ਲਈ ਸਿੱਖ ਸੰਸਥਾ ਨੂੰ ਲੰਮੀ ਜੱਦੋ-ਜਹਿਦ ਕਰਨੀ ਪਈ ਸੀ। ਹੁਣ ਜੁਲਾਈ ਮਹੀਨੇ ਤੋਂ ਕੇਂਦਰ ਸਰਕਾਰ ਨੇ ਗੁਰਦੁਆਰਾ ਕੰਪਲੈਕਸ ਦੇ ਘੇਰੇ ਤੋਂ ਬਾਹਰ ਬਣੀਆਂ ਸਰਾਵਾਂ ਆਦਿ ਨੂੰ ਜੀ.ਐੱਸ.ਟੀ. ਦੇ ਘੇਰੇ ਵਿਚ ਲਿਆਂਦਾ ਹੈ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਕੇਂਦਰ ਵੱਲੋਂ ਇਸ ਸਬੰਧ ਵਿਚ 18 ਜੁਲਾਈ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਧਾਰਮਿਕ ਸਥਾਨਾਂ ਦੇ ਘੇਰੇ ਤੋਂ ਬਾਹਰ ਬਣੀਆਂ ਸਰਾਵਾਂ ਨੂੰ ਜੀ.ਐੱਸ.ਟੀ. ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਇਨ੍ਹਾਂ ਸਰਾਵਾਂ ਦੇ ਸ਼ਰਧਾਲੂਆਂ ਕੋਲੋਂ ਵਸੂਲੇ ਜਾਂਦੇ ਕਿਰਾਏ ’ਤੇ 12 ਫੀਸਦੀ ਟੈਕਸ ਲਾ ਦਿੱਤਾ ਗਿਆ ਹੈ, ਜਿਸ ਦਾ ਵਾਧੂ ਬੋਝ ਗੁਰੂ ਘਰ ਆਉਣ ਵਾਲੀ ਸੰਗਤ ’ਤੇ ਪਵੇਗਾ। ਉੁਨ੍ਹਾਂ ਦੱਸਿਆ ਕਿ ਇਸ ਘੇਰੇ ਵਿਚ ਸ੍ਰੀ ਦਰਬਾਰ ਸਾਹਿਬ ਦੀਆਂ ਤਿੰਨ ਸਰਾਵਾਂ ਆਈਆਂ ਹਨ। ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ਕੇਂਦਰ ਦੇ ਇਸ ਫ਼ੈਸਲੇ ਖ਼ਿਲਾਫ਼ ਲੋਂੜੀਂਦੀ ਚਾਰਾਜੋਈ ਕੀਤੀ ਜਾਵੇਗੀ।

Share