ਕੇਂਦਰ ਸਰਕਾਰ ਤੋਂ ਪੰਜਾਬ ਨੂੰ ਵੱਡੇ ਰਾਹਤ ਪੈਕੇਜ ਦੀ ਲੋੜ; ਬ੍ਰਹਮਪੁਰੇ ਦੀ ਹਰਸਿਮਰਤ ਨੂੰ ਨਸੀਹਤ

990

ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਕਿਸਾਨਾਂ ਦਾ ਮਜ਼ਾਕ ਉਡਾਇਆ: ਬ੍ਰਹਮਪੁਰਾ
ਪੰਜਾਬ ਨੂੰ ਵੱਡੇ ਰਾਹਤ ਪੈਕੇਜ ਦੀ ਲੋੜ, ਹਰਸਿਮਰਤ ਦੀ ਬੇਕਾਰ ਸਲਾਹ ਨਹੀਂ: ਬ੍ਰਹਮਪੁਰਾ
ਸੁਖਬੀਰ ਬਾਦਲ ਇੱਕ ਮੰਦਬੁੱਧੀ ਬੱਚਾ ਹੈ, ਜਨਤਾ ਉਸਦੇ ਕੰਮਾਂ ਤੋਂ ਜਾਣੂ: ਬ੍ਰਹਮਪੁਰਾ
ਪੰਜਾਬ ਦੇ ਮੁੱਖ ਮੰਤਰੀ ਕੋਵਿਡ -19 ਸੰਕਟ ਵਿੱਚ ਅਸਫ਼ਲ, ਸਿਹਤ ਸੇਵਾਵਾਂ ਡੁੱਬ ਰਹੀਆਂ: ਬ੍ਰਹਮਪੁਰਾ
ਚੰਡੀਗੜ੍ਹ, 31 ਮਈ (ਪੰਜਾਬ ਮੇਲ)-ਕੋਵੀਡ -19 ਮਹਾਂਮਾਰੀ ਦੇ ਕਾਰਨ ਆਲਮੀ ਸੰਕਟ ਨੇ ਮਨੁੱਖੀ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ ਹੈ। ਅਜਿਹੇ ਹਾਲਾਤਾਂ ਵਿੱਚ, ਮੌਕਾਪ੍ਰਸਤ ਸਿਆਸਤਦਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਸਲਾਹ ‘ਤੇ ਅਮਲ ਕਰਨ ਦੀ ਲੋੜ ਹੈ।
ਇੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਨਸੀਹਤ ਦਿੱਤੀ ਕਿ ਉਹ ਕੇਂਦਰ ਸਰਕਾਰ ‘ਤੇ ਦਬਾਅ ਪਾਉਣ ਤਾਂ ਜੋ ਦੇਸ਼ ਦੇ ਸਾਰੇ ਸੂਬਿਆਂ ਨੂੰ ਰਾਹਤ ਪੈਕੇਜ ਮੁਹੱਈਆ ਕਰਵਾਏ ਜਾ ਸਕਣ; ਖ਼ਾਸਕਰ, ਪੰਜਾਬ ਦੇ ਲੋਕਾਂ ਨੂੰ ਬੇਲੋੜੀ ਸਲਾਹ ਦੇਣ ਦੀ ਬਜਾਏ ਇੱਕ ਵੱਡਾ ਰਾਹਤ ਪੈਕੇਜ ਮੁਹੱਈਆ ਕਰਵਾਕੇ ਦੇਣਾ ਚਾਹੀਦਾ ਹੈ ਅਤੇ ਫ਼ਾਲਤੂ ਦਾ ਦਿਖਾਵਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਕ ਹੁਣ ਮੂਰਖ਼ ਨਹੀਂ ਬਣਨਗੇ।
ਉਨ੍ਹਾਂ ਕਿਹਾ ਕਿ ਜਿਸ ਦੀ ਤਰਜ਼ ‘ਤੇ ਪੰਜਾਬ ਦਾ ਬਾਦਲ ਗਿਰੋਹ ਵੀ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਬਜਾਏ ਬੀਬੀ ਬਾਦਲ ਵਾਂਗੂੰ ਦੋਹਰੀ ਰਾਜਨੀਤਿਕ ਚਾਲਾਂ ਖੇਡ ਰਿਹਾ ਹੈ। ਉਨ੍ਹਾਂ ਸੁਖਬੀਰ ਬਾਦਲ ਦੇ ਗਿਰੋਹ ਨੂੰ ‘ਮੰਦਬੁੱਧੀ ਬੱਚਾ’ ਕਰਾਰ ਦਿੱਤਾ, ਜਿਹੜੇ ਜ਼ਮੀਨੀ ਹਕੀਕਤ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੇ ਦਰਦ ਤੋਂ ਅਣਜਾਣ ਹਨ। ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਿਵੇਂ ਕਿ ਉਨ੍ਹਾਂ ਨੇ ਹਜੇ ਤੱਕ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ‘ਤੇ ਲੋਕਾਂ ਨੂੰ ਮੂਰਖ਼ ਬਣਾਇਆ ਹੋਇਆ ਹੈ।
ਉਨ੍ਹਾਂ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਨਿੰਦਿਆ ਕਰਦਿਆਂ ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਬੇਈਮਾਨ ਰਾਜਨੀਤਿਕ ਸਾਜ਼ਿਸ਼ਾਂ ਨਹੀਂ ਖੇਡਣੀਆਂ ਚਾਹੀਦੀਆਂ ਕਿਉਂਕਿ ਪੰਜਾਬ ਇੱਕ ਮੁਸ਼ਕਲ ਸੰਕਟ ਦੀ ਘੜੀ ਵਿੱਚੋਂ ਲੰਘ ਰਿਹਾ ਹੈ।
ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਨੂੰ ਰਾਜ ਸਰਕਾਰਾਂ ਨੂੰ ਭਾਰੀ ਰਾਹਤ ਪੈਕੇਜ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂ ਜੋ ਰਾਜ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਅਜਿਹੀਆਂ ਸਥਿਤੀਆਂ ਵਿੱਚ, ਕੇਂਦਰ ਸਰਕਾਰ ਨੂੰ ਆਮ ਲੋਕਾਂ ਦੀ ਮਦਦ ਕਰਨ ਤੋਂ ਹੱਥ ਪਿੱਛੇ ਨਹੀਂ ਖਿੱਚਣਾ ਚਾਹੀਦਾ। ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਨਬਿੰਨ ਲਾਗੂ ਕਰਨ ਦਾ ਇੱਕ ਵੱਡਾ ਵਾਅਦਾ ਕੀਤਾ ਸੀ ਪਰੰਤੂ ਰਾਜ ਵਿਚ ਆਉਣ ਤੋਂ ਬਾਅਦ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਹੈ।
ਇੱਥੇ ਦੱਸਣਯੋਗ ਹੈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਸ੍ਰ. ਬ੍ਰਹਮਪੁਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਕੋਵਿਡ -19 ਦੀ ਬਿਪਤਾ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਅਣਦੇਖੀਆਂ ਕਰਨ ਦੇ ਦੋਸ਼ ਵੀ ਲਗਾਏ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵੀਡ -19 ਸੰਕਰਮਿਤ ਪੀੜਤਾਂ ਨੂੰ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਵਿਚ ਪੰਜਾਬ ਸਿਹਤ ਵਿਭਾਗ ਦੀ ਅਸਫ਼ਲਤਾਵਾਂ ਦੇ ਨਾਲ ਨਾਲ ਜ਼ਿੰਮੇਵਾਰੀਆਂ ਦੀ ਅਣਦੇਖੀ ਅਤੇ ਮੌਜੂਦਾ ਵਿਵਸਥਾ ਦੀ ਚਿੰਤਾ ਦੀ ਘਾਟ ਸਾਬਤ ਕਰਦੀ ਹੈ। ਪੰਜਾਬ ਦੀਆਂ ਸਿਹਤ ਸੇਵਾਵਾਂ ਡੁੱਬ ਰਹੀਆਂ ਹਨ ਅਤੇ ਲੋਕ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਕਰਵਾਉਣ ਤੋਂ ਡਰਦੇ ਹਨ।

ਉਨ੍ਹਾਂ ਇਸ ਗੱਲ ‘ਤੇ ਵੀ ਧਿਆਨ ਦਵਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਬਜਟ ਵਿਚੋਂ ਲੋਕਾਂ ਨੂੰ ਕੋਈ ਵੀ ਛੋਟੀ ਮੋਟੀ ਸਹੂਲਤ ਮੁਹੱਈਆ ਨਹੀਂ ਕਰਵਾਈ ਜੋ ਕਿ ਪੰਜਾਬ ਦੇ ਲੋਕਾਂ ਦਾ ਮਜ਼ਾਕ ਉਡਾਉਣ ਵਾਲੀ ਗੱਲ ਹੈ ਜਿਸ ਦਾ ਲੋਕ 2022 ਦੀਆਂ ਚੋਣਾਂ ਵਿਚ ਜਵਾਬ ਦੇਣਗੇ।
ਇੱਥੇ ਪ੍ਰੈਸ ਬਿਆਨ ਦੀ ਸਮਾਪਤੀ ਕਰਦਿਆਂ, ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਆਲਮੀ ਮਹਾਂਮਾਰੀ ਦੇ ਸੰਕਟ ਦੌਰਾਨ ਨੀਵੇਂ ਪੱਧਰ ਦੀ ਰਾਜਨੀਤੀ ਨਾ ਕਰਨ ਦੀ ਨਿਮਰਤਾ ਸਾਹਿਤ ਅਪੀਲ ਕੀਤੀ ਅਤੇ ਕਿਹਾ ਕਿ ਸਾਡੇ ਸਾਰਿਆਂ ਦਾ ਉਦੇਸ਼ ਸਿਰਫ਼ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਹੋਣਾ ਚਾਹੀਦਾ ਹੈ ਤਾਂ ਕੋਵਿਡ-19 ਬਿਮਾਰੀ ਦੇ ਫੈਲਣ ਨੂੰ ਰੋਕਿਆ ਜਾ ਸਕੇ ਤਾਂ ਜੋ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।