ਕੇਂਦਰ ਵੱਲੋਂ ਕਿਸਾਨ ਯੂਨੀਅਨਾਂ ਨੂੰ ਭੇਜਿਆ ਗਿਆ ਰਸਮੀ ਸੱਦਾ ਪੱਤਰ

590
Share

-13 ਨਵੰਬਰ ਦੀ ਮੀਟਿੰਗ ਦੌਰਾਨ ਦੋ ਮੈਂਬਰੀ ਮੰਤਰੀ ਪੱਧਰ ਦੇ ਵਫਦ ਵੱਲੋਂ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਕੀਤੀ ਜਾਵੇਗੀ ਗੱਲਬਾਤ
ਚੰਡੀਗੜ੍ਹ, 10 ਨਵੰਬਰ (ਪੰਜਾਬ ਮੇਲ)- ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਦੋ ਮੈਂਬਰੀ ਮੰਤਰੀ ਪੱਧਰ ਦੇ ਵਫ਼ਦ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਜਾਵੇਗੀ। ਖੇਤੀ ਸਕੱਤਰ ਸੁਧਾਂਸ਼ੂ ਪਾਂਡੇ ਵੱਲੋਂ ਬੁੱਧਵਾਰ ਸ਼ਾਮ ਨੂੰ ਕਿਸਾਨ ਯੂਨੀਅਨਾਂ ਨੂੰ ਭੇਜੇ ਸੱਦਾ ਪੱਤਰ ਮੁਤਾਬਕ ਸਰਕਾਰ ਵੱਲੋਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰੇਲ ਮੰਤਰੀ ਪਿਯੂਸ਼ ਗੋਇਲ ਗੱਲਬਾਤ ਕਰਨਗੇ। ਪੰਜਾਬ ਭਾਜਪਾ ਦੇ ਆਗੂਆਂ ਨੇ ਮੀਟਿੰਗ ਦੀ ਤਰੀਕ ਦਾ ਐਲਾਨ ਭਾਵੇਂ ਲੰਘੇ ਦਿਨ ਹੀ ਕਰ ਦਿੱਤਾ ਸੀ, ਪਰ ਕਿਸਾਨ ਯੂਨੀਅਨਾਂ ਨੂੰ ਇਸ ਸਬੰਧੀ ਰਸਮੀ ਸੱਦਾ ਪੱਤਰ ਨਹੀਂ ਮਿਲਿਆ ਸੀ। ਭਾਰਤੀ ਕਿਸਾਨ ਯੂਨੀਅਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘ਅਸੀਂ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸਾਰੀਆਂ 30 ਯੂਨੀਅਨਾਂ ਨਾਲ ਵੀਰਵਾਰ ਨੂੰ ਚੰਡੀਗੜ੍ਹ ‘ਚ ਮੀਟਿੰਗ ਕਰਾਂਗੇ। ਦਿੱਲੀ ਜਾਣ ਤੋਂ ਪਹਿਲਾਂ, ਅਸੀਂ ਕੇਂਦਰ ਨਾਲ ਕੀਤੀ ਜਾਣ ਵਾਲੀ ਗੱਲਬਾਤ ਬਾਰੇ ਮਿਲ ਕੇ ਰਣਨੀਤੀ ਘੜਾਂਗੇ।’ ਬੀਕੇਯੂ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਉਹ ਕੇਂਦਰ ਵੱਲੋਂ ਪਾਸ ਕੀਤੇ ਸੱਜਰੇ ਖੇਤੀ ਕਾਨੂੰਨਾਂ ‘ਚ ਸੋਧ ਬਾਰੇ ਆਪਣੀ ਮੰਗ ‘ਤੇ ਦ੍ਰਿੜ੍ਹ ਰਹਿਣਗੇ।


Share