ਕੇਂਦਰ ਵੱਲੋਂ ਕਰੋਨਾ ਦੇ ਨਵੇਂ ਸਰੂਪ ‘ਓਮੀਕਰੋਨ’ ਤੋਂ ਸੁਰੱਖਿਆ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

346
Share

-ਕੌਮਾਂਤਰੀ ਯਾਤਰੀਆਂ ਲਈ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਸਾਂਝੀ ਕਰਨੀ ਲਾਜ਼ਮੀ
ਨਵੀਂ ਦਿੱਲੀ, 29 ਨਵੰਬਰ (ਪੰਜਾਬ ਮੇਲ)-ਕਰੋਨਾ ਦੇ ਨਵੇਂ ਸਰੂਪ ‘ਓਮੀਕਰੋਨ’ ਤੋਂ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਸੱਜਰੇ ਦਿਸ਼ਾ-ਨਿਰਦੇਸ਼ਾਂ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਕੌਮਾਂਤਰੀ ਯਾਤਰੀਆਂ ਲਈ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਸਾਂਝੀ ਕਰਨੀ ਲਾਜ਼ਮੀ ਕਰ ਦਿੱਤੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਨਵੀਆਂ ਸੇਧਾਂ ਮੁਤਾਬਕ ਯੂ.ਕੇ., ਦੱਖਣੀ ਅਫ਼ਰੀਕਾ, ਹਾਂਗਕਾਂਗ ਤੇ ਹੋਰਨਾਂ ਜ਼ੋਖ਼ਮ ਵਾਲੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਨਲਾਈਨ ਏਅਰ ਸੁਵਿਧਾ ਪੋਰਟਲ ’ਤੇ ਫਾਰਮ ਭਰ ਕੇ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਵਿਖਾਉਣੀ ਹੋਵੇਗੀ। ਯਾਤਰਾ ਤੋਂ ਪਹਿਲਾਂ 72 ਘੰਟੇ ਪੁਰਾਣੀ ਆਰ.ਸੀ.-ਪੀ.ਸੀ.ਆਰ. ਨੈਗੇਟਿਵ ਰਿਪੋਰਟ ਵੀ ਨਾਲ ਟੈਗ ਕਰਨੀ ਹੋਵੇਗੀ। ਇਸ ਵਾਇਰਸ ਦੇ ਜ਼ੋਖ਼ਮ ਵਾਲੇ ਦੇਸ਼ਾਂ ਵਿਚ ਬਰਤਾਨੀਆ, ਦੱਖਣੀ ਅਫਰੀਕਾ, ਚੀਨ, ਬੋਤਸਵਾਨਾ, ਬ੍ਰਾਜ਼ੀਲ, ਬੰਗਲਾਦੇਸ਼, ਚੀਨ, ਮੌਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਇਲ ਸ਼ਾਮਲ ਹਨ। ਨਵੀਂ ਹਦਾਇਤਾਂ ਵਿਚ ਮੰਤਰਾਲੇ ਨੇ ਕਿਹਾ ਕਿ ਉਪਰੋਕਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਹੁੰਚਣ ਤੋਂ ਪਹਿਲਾਂ ਆਪਣਾ ਕੋਵਿਡ-19 ਦਾ ਸੈਂਪਲ ਜਮ੍ਹਾਂ ਕਰਵਾਉਣਾ ਹੋਵੇਗਾ। ਹਦਾਇਤਾਂ ਮੁਤਾਬਕ, ਅਜਿਹੇ ਯਾਤਰੀਆਂ ਨੂੰ ਹਵਾਈ ਅੱਡਾ ਛੱਡਣ ਜਾਂ ਸਬੰਧਿਤ ਉਡਾਣ ਲੈਣ ਤੋਂ ਪਹਿਲਾਂ ਆਪਣੇ ਦਿੱਤੇ ਗਏ ਟੈਸਟਾਂ ਦੇ ਨਤੀਜੇ ਦੀ ਉਡੀਕ ਕਰਨੀ ਹੋਵੇਗੀ। ਟੈਸਟ ਨੈਗੇਟਿਵ ਆਉਣ ਮਗਰੋਂ ਉਹ ਸੱਤ ਦਿਨ ਘਰ ’ਚ ਇਕਾਂਤਵਾਸ ਰਹਿਣਗੇ ਅਤੇ ਭਾਰਤ ਵਿਚ ਪਹੁੰਚਣ ਦੇ ਅੱਠਵੇਂ ਦਿਨ ਮੁੜ ਟੈਸਟ ਕਰਵਾਉਣਾ ਹੋਵੇਗਾ। ਜੇ ਟੈਸਟ ਫਿਰ ਵੀ ਨੈਗੇਟਿਵ ਆਉਂਦਾ ਹੈ, ਤਾਂ ਅਗਲੇ ਸੱਤ ਦਿਨ ਉਨ੍ਹਾਂ ਨੂੰ ਖ਼ੁਦ ਸਿਹਤ ਦਾ ਧਿਆਨ ਰੱਖਣਾ ਹੋਵੇਗਾ। ਹਾਲਾਂਕਿ ਜੇ ਅਜਿਹੇ ਯਾਤਰੀ ਦਾ ਟੈਸਟ ਪਾਜ਼ੀਟਿਵ ਪਾਇਆ ਜਾਂਦਾ ਹੈ, ਤਾਂ ਸੈਂਪਲਾਂ ਦੀ ਜਾਂਚ ਲਈ ਉਸ ਨੂੰ ਆਈ.ਐੱਨ.ਐੱਸ.ਏ.ਸੀ.ਓ.ਜੀ. ਲੈਬਾਰਟਰੀ ਨੈੱਟਵਰਕ ’ਚ ਭੇਜਿਆ ਜਾਣਾ ਚਾਹੀਦਾ ਹੈ।’’
ਕੇਂਦਰੀ ਮੰਤਰਾਲੇ ਕਿਹਾ ਕਿ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਭਾਰਤ ਪਹੁੰਚਣ ਤੋਂ ਪਹਿਲਾਂ ਅਤੇ ਬਾਅਦ ਵਿਚ ਟੈਸਟ ਕਰਵਾਉਣ ਤੋਂ ਛੋਟ ਹੋਵੇਗੀ। ਹਾਲਾਂਕਿ, ਜੇ ਉਨ੍ਹਾਂ ਵਿਚ ਪਹੁੰਚਣ ਜਾਂ ਘਰ ਵਿਚ ਇਕਾਂਤਵਾਸ ਦੇ ਸਮੇਂ ਦੌਰਾਨ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਦੇ ਟੈਸਟਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਤੈਅ ਕਰੋਨਾ ਨਿਯਮਾਂ ਮੁਤਾਬਕ ਉਸ ਦਾ ਇਲਾਜ ਕੀਤਾ ਜਾਵੇਗਾ।

Share