ਕੇਂਦਰ ਦੀ ਸ਼ਿਕਾਇਤ ’ਤੇ ਟਵਿਟਰ ਤੋਂ ਬਾਅਦ ਯੂਟਿਊਬ ਤੋਂ ਵੀ ਹਟਾਏ ਗਏ ਕਿਸਾਨ ਅੰਦੋਲਨ ’ਤੇ ਬਣਾਏ ਗਏ ਗਾਣੇ

433
Share

ਨਵੀਂ ਦਿੱਲੀ, 9 ਫਰਵਰੀ (ਪੰਜਾਬ ਮੇਲ)- ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਮੁੱਦਾ ਕੌਮਾਂਤਰੀ ਪੱਧਰ ਤੱਕ ਪਹੁੰਚ ਗਿਆ ਹੈ। ਵਿਦੇਸ਼ੀ ਹਸਤੀਆਂ ਵੀ ਕਿਸਾਨਾਂ ਦੇ ਸਮਰਥਨ ’ਚ ਆਪਣੀ ਗੱਲ ਰੱਖ ਰਹੀਆਂ ਹਨ। ਇਧਰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਖ਼ਿਲਾਫ਼ ਚਲਾਏ ਜਾ ਰਹੇ ਏਜੰਡੇ ’ਤੇ ਲਗਾਮ ਲਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਕ੍ਰਮ ਵਿਚ ਕਿਸਾਨ ਅੰਦੋਲਨ ’ਤੇ ਬਣਾਏ ਗਏ ਦੋ ਪੰਜਾਬੀ ਗਾਣਿਆਂ ਨੂੰ ਕੇਂਦਰ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਟਵਿਟਰ ਅਤੇ ਯੂਟਿਊਬ ਦੋਵੇਂ ਜਗ੍ਹਾ ਤੋਂ ਹਟਾ ਦਿੱਤਾ ਗਿਆ ਹੈ। ਹਾਲ ਹੀ ਵਿਚ ਕਿਸਾਨ ਅੰਦੋਲਨ ’ਤੇ ਬਣਾਏ ਗਏ ਪੰਜਾਬੀ ਗਾਇਕ ਹਿੰਮਤ ਸੰਧੂ ਦਾ ਗਾਣਾ ‘ਅਸੀਂ ਵੱਢਾਂਗੇ’ ਅਤੇ ਪੰਜਾਬੀ ਗਾਇਕ ਕਨਵਰ ਗਰੇਵਾਲ ਦੇ ‘ਐਲਾਨ’ ਨੂੰ ਭਾਰਤ ਸਰਕਾਰ ਦੁਆਰਾ ਵੀਡੀਓ ਦੇ ਖ਼ਿਲਾਫ਼ ਕਾਨੂੰਨੀ ਸ਼ਿਕਾਇਤ ਦਰਜ ਕੀਤੇ ਜਾਣ ਤੋਂ ਬਾਅਦ ਵੀਡੀਓ ਸ਼ੇਅਰਿੰਗ ਐਪ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਦੋਵੇਂ ਗਾਣਿਆਂ ਨੂੰ ਟਵਿਟਰ ਤੋਂ ਵੀ ਹਟਾਇਆ ਜਾ ਚੁੱਕਾ ਹੈ। ਮਸ਼ਹੂਰ ਪੰਜਾਬੀ ਗਾਇਕ ਹਿੰਮਤ ਸੰਧੂ ਨੇ ਇਹ ਗਾਣਾ ਚਾਰ ਮਹੀਨੇ ਪਹਿਲਾਂ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿਚ ਜਾਰੀ ਕੀਤਾ ਸੀ। 13 ਮਿਲੀਅਨ ਵਿਊਜ਼ ਪਾਉਣ ਵਾਲੇ ਇਸ ਗਾਣੇ ’ਚ ਕਿਸਾਨਾਂ ਦੇ ਖ਼ਿਲਾਫ਼ ਸਰਕਾਰ ਦੀ ਕਰੂਰਤਾ ਨੂੰ ਦਰਸਾਇਆ ਸੀ ਅਤੇ ਆਪਣੇ ਵਫਾਦਾਰਾਂ ਨੂੰ ਖੇਤਾਂ ’ਚ ਐਂਟਰ ਨਹੀਂ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਦੂਜੇ ਪਾਸੇ ਕਨਵਰ ਗਰੇਵਾਲ ਦਾ ਗਾਣਾ ‘ਐਲਾਨ’ ਕਿਸਾਨ ਵਿਰੋਧ ਅੰਦੋਲਨ ਦੀ ਇੱਕ ਆਵਾਜ਼ ਬਣ ਗਈ। ਗਾਣੇ ਦਾ ਮੈਸੇਜ ਸੀ ਕਿ ਫਸਲਾਂ ਦੇ ਬਾਰੇ ਵਿਚ ਫੈਸਲਾ ਕਿਸਾਨਾਂ ਨੂੰ ਲੈਣਾ ਚਾਹੀਦਾ, ਹੋਰ ਕਿਸੇ ਨੂੰ ਨਹੀਂ। ਗਾਣੇ ਨੂੰ ਜਦੋਂ ਯੂਟਿਊਬ ਤੋਂ ਹਟਾਇਆ ਗਿਆ, ਤਾਂ ਗਾਣੇ ’ਤੇ ਇੱਕ ਕਰੋੜ ਵਿਊਜ਼ ਸੀ।
ਖ਼ਬਰਾਂ ਮੁਤਾਬਕ ਕੇਂਦਰ ਸਰਕਾਰ ਨੇ ਇਨ੍ਹਾਂ ਗਾਣਿਆਂ ਦੇ ਖ਼ਿਲਾਫ਼ ਕਾਨੂੰਨੀ ਸ਼ਿਕਾਇਤਾਂ ਦਰਜ ਕੀਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਗਾਣੇ ਸੋਸ਼ਲ ਮੀਡੀਆ ’ਤੇ ਗਲਤ ਮੈਸੇਜ ਦੇ ਨਾਲ ਸ਼ੇਅਰ ਕੀਤੇ ਜਾ ਰਹੇ ਸੀ ਅਤੇ ਕਿਸਾਨਾਂ ਵਲੋਂ ਲਾਏ ਧਰਨਿਆਂ ’ਚ ਇਹ ਵਜਾਏ ਜਾ ਰਹੇ ਸੀ।

Share