ਕੇਂਦਰੀ ਸਿਹਤ ਮੰਤਰੀ ਵੱਲੋਂ ਰਾਮਦੇਵ ਦਾ ਐਲੋਪੈਥੀ ਬਾਰੇ ਬਿਆਨ ‘ਬੇਹਦ ਮੰਦਭਾਗਾ’ ਕਰਾਰ

353
Share

-ਕਿਹਾ: ਰਾਮਦੇਵ ਦਾ ਬਿਆਨ ਕਰੋਨਾ ਯੋਧਿਆਂ ਦਾ ਮਨੋਬਲ ਡੇਗਣ ਵਾਲਾ
-ਕੇਂਦਰੀ ਸਿਹਤ ਮੰਤਰੀ ਨੇ ਯੋਗ ਗੁਰੂ ਨੂੰ ਪੱਤਰ ਲਿਖ ਕੇ ਵਿਵਾਦਿਤ ਬਿਆਨ ਵਾਪਸ ਲੈਣ ਲਈ ਕਿਹਾ
ਨਵੀਂ ਦਿੱਲੀ, 23 ਮਈ (ਪੰਜਾਬ ਮੇਲ)- ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਲੋਪੈਥੀ (ਅੰਗਰੇਜ਼ੀ ਚਕਿੱਤਸਾ ਪ੍ਰਣਾਲੀ) ਦਵਾਈਆਂ ਬਾਰੇ ਯੋਗ ਗੁਰੂ ਰਾਮਦੇਵ ਵੱਲੋਂ ਦਿੱਤੇ ਬਿਆਨ ਨੂੰ ‘ਬੇਹੱਦ ਮੰਦਭਾਗਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਮਦੇਵ ਦਾ ਬਿਆਨ ਕਰੋਨਾ ਯੋਧਿਆਂ ਦਾ ਮਨੋਬਲ ਡੇਗਣ ਵਾਲਾ ਹੈ। ਹਰਸ਼ਵਰਧਨ ਨੇ ਇਕ ਪੱਤਰ ਲਿਖ ਕੇ ਰਾਮਦੇਵ ਨੂੰ ਆਪਣਾ ਵਿਵਾਦਿਤ ਬਿਆਨ ਵਾਪਸ ਲੈਣ ਲਈ ਆਖਿਆ ਹੈ। ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਦੇ ਹਵਾਲੇ ਨਾਲ ਲੰਘੇ ਦਿਨ ਕਿਹਾ ਸੀ ਕਿ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਐਲੋਪੈਥੀ ‘ਬਕਵਾਸ ਵਿਗਿਆਨ’ ਹੈ ਤੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਵੱਲੋਂ ਕੋਵਿਡ-19 ਦੇ ਇਲਾਜ ਲਈ ਮਨਜ਼ੂਰ ਕੀਤੇ ਗਏ ਰੈਮੇਡੇਸਿਵਿਰ, ਫੇਵੀਫਲੂ ਤੇ ਹੋਰ ਅਜਿਹੀਆਂ ਦਵਾਈਆਂ ਬਿਮਾਰੀ ਦਾ ਇਲਾਜ ਕਰਨ ਵਿੱਚ ਅਸਫ਼ਲ ਰਹੀਆਂ ਹਨ। ਆਈ.ਐੱਮ.ਏ. ਮੁਤਾਬਕ ਰਾਮਦੇਵ ਨੇ ਕਿਹਾ, ‘‘ਐਲੋਪੈਥੀ ਦਵਾਈਆਂ ਲੈਣ ਮਗਰੋਂ ਲੱਖਾਂ ਦੀ ਗਿਣਤੀ ਵਿਚ ਮਰੀਜ਼ਾਂ ਦੀ ਮੌਤ ਹੋਈ ਹੈ।’ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਨੇ ਹਾਲਾਂਕਿ ਇਨ੍ਹਾਂ ਟਿੱਪਣੀਆਂ ਦਾ ਖੰਡਨ ਕਰਦਿਆਂ ਇਨ੍ਹਾਂ ਨੂੰ ‘ਗ਼ਲਤ’ ਕਰਾਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ, ‘ਤੁਹਾਡਾ ਬਿਆਨ ਕਰੋਨਾ ਯੋਧਿਆਂ ਦਾ ਨਿਰਾਦਰ ਤੇ ਦੇਸ਼ ਦੀਆਂ ਭਾਵਨਾਵਾਂ ਨੂੰ ਸੱਟ ਮਾਰਦਾ ਹੈ। ਤੁਹਾਡਾ ਇਹ ਬਿਆਨ ਸਿਹਤ ਕਰਮੀਆਂ ਦੇ ਮਨੋਬਲ ਨੂੰ ਡੇਗ ਸਕਦਾ ਹੈ। ਇਸ ਨਾਲ ਕੋਵਿਡ-19 ਖ਼ਿਲਾਫ਼ ਲੜਾਈ ਕਮਜ਼ੋਰ ਹੋ ਸਕਦੀ ਹੈ।’

Share