ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ ਬਹੁੰਪੱਖੀ ਲੇਖਿਕਾ ਇੰਦਰਜੀਤ ਕੌਰ ਸਿੱਧੂ ਦੇ ਨਾਮ ਰਹੀ

247
dav
Share

ਸਰੀ, 24 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਕੇਨੈਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਨੂੰ ਸਮਰਪਿਤ ਰਹੀ। ਮੀਟਿੰਗ ਦੇ ਆਗਾਜ਼ ਵਿਚ ਮਹਾਨ ਗਾਇਕਾ ਲਤਾ ਮੰਗੇਸ਼ਕਰ, ਗੀਤਕਾਰ ਦੇਵ ਥਰੀਕੇ ਵਾਲਾ, ਜਸਟਿਸ ਅਜੀਤ ਸਿੰਘ ਬੈਂਸ, ਉੱਘੇ ਖਿਡਾਰੀ ਪਰਵੀਨ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ ਗਈ।

  ਮੀਟਿੰਗ ਪ੍ਰਸਿੱਧ ਬਹੁਪੱਖੀ ਲੇਖਿਕਾ ਇੰਦਰਜੀਤ ਕੌਰ ਸਿੱਧੂ ਤੇ ਕੇਂਦਰਿਤ ਰਹੀ। ਇੰਦਰਜੀਤ ਕੌਰ ਸਿੱਧੂ ਨੇ ਆਪਣੀਆਂ ਨਵੀਆਂ ਪ੍ਰਕਾਸ਼ਿਤ ਹੋਈਆਂ 5 ਪੁਸਤਕਾਂ (ਜਬੈ ਬਾਣ ਲਾਗਿਯੋ, ਪ੍ਰੀਭਾਸ਼ਾ, ਜਿਨ ਪੇ ਤਕੀਆ ਥਾ, ਤੇ ਕਲਮ ਲਿਖ਼ਦੀ ਰਹੀ, ਟਿੰਮੀ) ਬਾਰੇ ਜਾਣਕਾਰੀ ਦਿੱਤੀ ਅਤੇ ਸਭਨਾਂ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਇਨ੍ਹਾਂ ਪੁਸਤਕਾਂ ਲਈ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਸਿਹਤਮੰਦ ਲੰਮੀ ਜ਼ਿੰਦਗੀ ਦੀ ਕਾਮਨਾ ਕੀਤੀ ਗਈ। ਪ੍ਰਸਿੱਧ  ਸਾਹਿਤਕਾਰ ਰਵਿੰਦਰ ਰਵੀ ਨੇ ਕੇਨੈਡਾ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਅਤੇ ਬੀ.ਸੀ. ਵਿਚ ਸਰਗਰਮ ਰਹੇ ਪੰਜਾਬੀ ਸਾਹਿਤਕਾਰਾਂ ਬਾਰੇ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਪ੍ਰਸਿੱਧ ਸਾਹਿਤਕਾਰ ਇੰਦਰਜੀਤ ਕੌਰ ਸਿੱਧੂ ਦੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਸਹਿਤ ਵਿਚਾਰ ਪ੍ਰਗਟ ਕੀਤੇ। ਸਭਾ ਦੇ  ਸਾਬਕਾ ਖ਼ਜਾਨਚੀ ਸੁੱਚਾ ਸਿੰਘ ਕਲੇਰ ਨੇ ਵੀ ਇੰਦਰਜੀਤ ਕੌਰ ਸਿੱਧੂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।  

 ਹਰਦਮ ਮਾਨ ਵੱਲੋਂ ਪ੍ਰਸਿੱਧ ਉਸਤਾਦ ਗ਼ਜ਼ਲਗੋ ਦੀਪਕ ਜੈਤੋਈ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਗ਼ਜ਼ਲ ਦੀ ਸਥਾਪਤੀ ਲਈ ਕੀਤੇ ਸ਼ਲਾਘਾਯੋਗ ਅਤੇ ਉਸਤਾਦੀ ਕਾਰਜਾਂ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਸਾਦਾ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਆਹ ਲੈ ਮਾਏ ਸਾਂਭ ਕੁੰਜੀਆਂ ਵਰਗੇ ਗੀਤਾਂ ਦੇ ਰਚਨਹਾਰੇ ਦੀਪਕ ਜੈਤੋਈ ਨੇ ਅਜਿਹੇ ਗੀਤ ਪੰਜਾਬੀ ਜਗਤ ਨੂੰ ਦਿੱਤੇ ਜੋ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ।

ਅਖੀਰ ਵਿਚ ਹੋਏ ਕਵੀ ਦਰਬਾਰ ਵਿਚ ਪ੍ਰਿਤਪਾਲ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਪਲਵਿੰਦਰ ਸਿੰਘ ਰੰਧਾਵਾ, ਰੁਪਿੰਦਰ ਰੂਪੀ,  ਦਰਸ਼ਨ ਸੰਘਾ, ਇੰਦਰਪਾਲ ਸਿੰਘ ਸੰਧੂ, ਹਰਸ਼ਰਨ ਕੌਰ, ਅਮਰੀਕ ਪਲਾਹੀ, ਬਿੱਕਰ ਸਿੰਘ ਖੋਸਾ, ਹਰਚੰਦ ਬਾਗੜੀ, ਸੁਰਿੰਦਰ ਪਾਲ ਕੌਰ ਬਰਾੜ, ਸੁੱਖੀ ਸਿੱਧੂ ਅਤੇ ਨਰਿੰਦਰ ਬਾਹੀਆ ਨੇ ਕਾਵਿਕ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਖਦੀਪ ਗਿੱਲ, ਰਣਧੀਰ ਢਿੱਲੋਂ ਅਤੇ ਸ਼ਾਹਗੀਰ ਗਿੱਲ ਵੀ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਨੇ ਕੀਤੀ ਅਤੇ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ।


Share