ਕੇਂਦਰੀ ਗ੍ਰਹਿ ਮੰਤਰਾਲਾ ਸਿਆਸਤਦਾਨਾਂ ਦੇ ਅੱਤਵਾਦੀਆਂ ਤੇ ਗੈਂਗਸਟਰਾਂ ਨਾਲ ਆਪਸੀ ਸਬੰਧਾਂ ਤੋਂ ਚਿੰਤਤ

604
Share

ਨਾਭਾ, 31 ਜੁਲਾਈ (ਪੰਜਾਬ ਮੇਲ)- ਅੱਤਵਾਦੀਆਂ, ਗੈਂਗਸਟਰਾਂ ਅਤੇ ਸਿਆਸਤਦਾਨਾਂ ਦੇ ਆਪਸੀ ਸਬੰਧਾਂ ਤੋਂ ਕੇਂਦਰੀ ਗ੍ਰਹਿ ਮੰਤਰਾਲਾ ਚਿੰਤਤ ਹੈ। ਪਿਛਲੇ ਕੁਝ ਅਰਸੇ ਤੋਂ ਚਰਚਾ ਚਲਦੀ ਰਹੀ ਕਿ ਐੱਨ.ਆਈ.ਏ. ਗੈਂਗਸਟਰਾਂ, ਅੱਤਵਾਦੀਆਂ ਤੇ ਸਿਆਸਤਦਾਨਾਂ ਦੇ ਗਠਜੋੜ ਦੀ ਜਾਂਚ ਡੂੰਘਾਈ ਨਾਲ ਕਰਵਾਏਗੀ ਕਿਉਂਕਿ ਪੰਜਾਬ ‘ਚ ਅੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਕੁਝ ਸਿਆਸਤਦਾਨ ਅੱਤਵਾਦੀਆਂ/ਗੈਂਗਸਟਰਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਹਨ। ਚੋਣਾਂ ਸਮੇਂ ਗੈਂਗਸਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ 27 ਨਵੰਬਰ 2016 ਨੂੰ ਇਥੇ ਜੇਲ ਬ੍ਰੇਕ ਹੋਈ ਸੀ ਤਾਂ ਕਾਂਗਰਸੀ ਆਗੂਆਂ ਨੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਇਲਜ਼ਾਮ ਲਾਇਆ ਸੀ ਕਿ ਵਿਧਾਨ ਸਭਾ ਚੋਣਾਂ ਦੌਰਾਨ ਮਾਹੌਲ ਖਰਾਬ ਕਰਵਾਉਣ ਲਈ ਜੇਲ ‘ਚੋਂ ਗੈਂਗਸਟਰ ਭਜਾਏ ਗਏ ਹਨ। ਮੋਦੀ-ਸ਼ਾਹ ਜੋੜੀ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦੀ ਹੈ ਪਰ ਅਜੇ ਤੱਕ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨ ਸਲਾਖਾਂ ਪਿੱਛੇ ਨਹੀਂ ਪਹੁੰਚ ਸਕੇ। ਸੂਤਰਾਂ ਅਨੁਸਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ 2-3 ਸਾਲ ਤੋਂ ਗੰਭੀਰਤਾ ਨਾਲ ਵਿਚਾਰ ਕਰਦੇ ਆ ਰਹੇ ਹਨ ਕਿ ਪੰਜਾਬ ਦੇ ਅਜਿਹੇ ਸਿਆਸਤਦਾਨਾਂ ਦਾ ਲੱਕ ਤੋੜ ਦਿੱਤਾ ਜਾਵੇ, ਜੋ ਗੈਂਗਸਟਰਾਂ/ਅੱਤਵਾਦੀਆਂ ਨੂੰ ਪਨਾਹ ਦਿੰਦੇ ਰਹੇ ਹਨ। ਜਾਂਚ ਦੌਰਾਨ ਇਹ ਸਾਹਮਣੇ ਆ ਚੁੱਕਾ ਹੈ ਕਿ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਰਾਹੀਂ ਫੰਡਿੰਗ ਹੁੰਦੀ ਰਹੀ ਹੈ।
ਸੰਨ 2016 ਤੇ 2017 ‘ਚ 6 ਹਿੰਦੂ ਨੇਤਾਵਾਂ ਦੀ ਹੱਤਿਆ ਕੀਤੀ ਗਈ। ਖੰਨਾ ਦੇ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਨੂੰ 23 ਅਪ੍ਰੈਲ 2016, ਜਲੰਧਰ ‘ਚ ਆਰ.ਐੱਸ.ਐੱਸ. ਸੰਘ ਦੇ ਪ੍ਰਮੁੱਖ ਬ੍ਰਿਗੇਡੀਅਰ (ਸੇਵਾ-ਮੁਕਤ) ਜਗਦੀਸ਼ ਗਗਨੇਜਾ ਨੂੰ 6 ਅਗਸਤ 2016, ਲੁਧਿਆਣਾ ਦੇ ਹਿੰਦੂ ਨੇਤਾ ਅਮਿਤ ਸ਼ਰਮਾ ਨੂੰ ਦੁਰਗਾ ਮਾਤਾ ਮੰਦਰ ਲਾਗੇ 14 ਜਨਵਰੀ 2017, ਪਿੰਡ ਜਗੇੜਾ ਲਾਗੇ ਚਰਚਾ ਘਰ ‘ਚ ਡੇਰਾ ਪ੍ਰੇਮੀ ਸਤਪਾਲ ਸ਼ਰਮਾ ਦੇ ਬੇਟੇ ਰਮੇਸ਼ ਸ਼ਰਮਾ ਨੂੰ 25 ਫਰਵਰੀ 2017, ਲੁਧਿਆਣਾ ‘ਚ ਮਾਸਟਰ ਸੁਲਤਾਨ ਨੂੰ 16 ਜੂਨ 2017 ਅਤੇ ਆਰ.ਐੱਸ.ਐੱਸ. ਆਗੂ ਰਜਿੰਦਰ ਗੋਸਾਈ ਨੂੰ 17 ਅਕਤੂਬਰ 2017 ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਜਨਰਲ ਪੁਲਸ ਨੇ ਕਾਤਲਾਂ ਦਾ ਸੁਰਾਗ ਲਾਇਆ। ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ। ਜੱਗੀ ਜੌਹਲ ਦੀ ਗ੍ਰਿਫ਼ਤਾਰੀ ਨਾਲ ਸ਼ੌਰ-ਸ਼ਰਾਬਾ ਹੋਇਆ।
ਇਸ ਤੋਂ ਪਹਿਲਾਂ ਦਹਿਸ਼ਤ ਦਾ ਦੂਜਾ ਨਾਂ ਵਜੋਂ ਜਾਣੇ ਜਾਂਦੇ ਸੁੱਖਾ ਕਾਹਲਵਾਂ, ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਗੋਲੀਆਂ ਦਾ ਸ਼ਿਕਾਰ ਹੋਏ। ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਅਤੇ ਸੁੱਖਾ ਦੋਵੇਂ ਮਿੱਤਰ ਸਨ। ਦੋਵੇਂ ਨਾਭਾ ਜੇਲ ‘ਚ ਬੰਦ ਰਹੇ। ਵਿੱਕੀ ਨੇ 21 ਜਨਵਰੀ 2015 ਨੂੰ ਪੁਲਸ ਹਿਰਾਸਤ ‘ਚ ਸੁੱਖਾ ਦਾ ਕਤਲ ਕਰ ਕੇ ਭੰਗੜਾ ਪਾਇਆ ਸੀ। ਤਿੰਨ ਸਾਲ ਬਾਅਦ ਵਿੱਕੀ ਦੀ ਵੀ ਮੁਕਾਬਲੇ ‘ਚ ਮੌਤ ਹੋ ਗਈ। ਫਾਜ਼ਿਲਕਾ ‘ਚ ਭਾਜਪਾ ਦੇ ਸਾਬਕਾ ਮੰਤਰੀ ਖ਼ਿਲਾਫ਼ ਚੋਣ ਲੜਨ ਵਾਲੇ ਗੈਂਗਸਟਰ ਜਸਵਿੰਦਰ ਸਿੰਘ ਉਰਫ ਰੌਕੀ ਦਾ ਪਹਿਲੀ ਮਈ 2016 ਨੂੰ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ‘ਚ ਕਤਲ ਹੋਇਆ।
ਪੰਜਾਬ ਦੇ ਸਾਰੇ ਹੀ ਗੈਂਗਸਟਰਾਂ ਦੇ ਕਿਸੇ ਨਾ ਕਿਸੇ ਸਿਆਸਤਦਾਨ ਨਾਲ ਨੇੜਲੇ ਸਬੰਧ ਰਹੇ, ਜਿਸ ਕਾਰਨ ਸਿਆਸਤਦਾਨਾਂ ਦੇ ਅਪਰਾਧੀਆਂ ਨਾਲ ਗਠਜੋੜ ਦੀ ਜਾਂਚ ‘ਚ ਰੁਕਾਵਟਾਂ ਪੈਦਾ ਹੁੰਦੀਆਂ ਰਹੀਆਂ। ਸਿਆਸਤਦਾਨਾਂ ਨੇ ਹੀ ਗੈਂਗਸਟਰ ਪੈਦਾ ਕੀਤੇ, ਜਿਨ੍ਹਾਂ ਨੇ ਸੂਬੇ ਦਾ ਮਾਹੌਲ ਠੀਕ ਨਹੀਂ ਹੋਣ ਦਿੱਤਾ। ਸਿਆਸਤਦਾਨਾਂ ਤੇ ਗੈਂਗਸਟਰਾਂ ਦੇ ਆਪਸੀ ਸਬੰਧਾਂ ਦਾ ਖਮਿਆਜ਼ਾ ਪੰਜਾਬ ਦੀ ਅਮਨਪਸੰਦ ਜਨਤਾ ਭੁਗਤ ਰਹੀ ਹੈ ਪਰ ਐੱਨ.ਆਈ.ਏ. ਅਜੇ ਤੱਕ ਗੈਂਗਸਟਰਾਂ-ਸਿਆਸਤਦਾਨਾਂ ਦਾ ਲੱਕ ਨਹੀਂ ਤੋੜ ਸਕੀ।


Share