ਕੁੰਵਰ ਵਿਜੇ ਪ੍ਰਤਾਪ ਵੱਲੋਂ ਬੇਅਦਬੀ ਮਾਮਲੇ ’ਚ ਇਨਸਾਫ ਦਿਵਾਉਣ ਬਾਰੇ ਨਵੇਂ ਮੁੱਖ ਮੰਤਰੀ ਦਾ ਬਿਆਨ ਚੋਣ ਸਟੰਟ ਕਰਾਰ

294
ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ।
Share

ਅੰਮਿ੍ਰਤਸਰ, 23 ਸਤੰਬਰ (ਪੰਜਾਬ ਮੇਲ)-ਸਾਬਕਾ ਆਈ.ਜੀ. ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਮਾਮਲੇ ’ਚ ਇਨਸਾਫ਼ ਦਿਵਾਉਣ ਬਾਰੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਕਾਂਗਰਸ ਦਾ ਮਹਿਜ਼ ਚੋਣ ਸਟੰਟ ਕਰਾਰ ਦਿੱਤਾ ਹੈ।
ਬੁੱਧਵਾਰ ਇਥੇ ‘ਆਪ’ ਦੀ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜੀਵਨਜੋਤ ਕੌਰ ਵੱਲੋਂ ਪ੍ਰੈੱਸ ਕਾਨਫਰੰਸ ਸੱਦੀ ਗਈ ਸੀ, ਜਿਸ ਵਿਚ ਸਾਬਕਾ ਆਈ.ਜੀ. ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਹੈ, ਜਿਸ ਵਿਚ ਸ਼੍ਰੀ ਚੰਨੀ ਬਤੌਰ ਕੈਬਨਿਟ ਮੰਤਰੀ ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਨਾਲ ਨਵੇਂ ਚੁਣੇ ਗਏ ਦੋਵੇਂ ਉਪ ਮੁੱਖ ਮੰਤਰੀ ਨਾ ਸਿਰਫ਼ ਕੈਬਨਿਟ ਦਾ ਅਹਿਮ ਹਿੱਸਾ ਰਹੇ ਹਨ, ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੇ ਇਨ੍ਹਾਂ ਦੀ ਨੀਅਤ ਸਾਫ਼ ਹੁੰਦੀ, ਤਾਂ ਹੁਣ ਤਕ ਬੇਅਦਬੀ ਅਤੇ ਬਰਗਾੜੀ ਮਸਲੇ ਹੱਲ ਹੋ ਜਾਂਦੇ ਤੇ ਦੋਸ਼ੀਆਂ ਨੂੰ ਸਜ਼ਾ ਮਿਲ ਜਾਣੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਸਿਰਫ਼ ਨਾਕਾਮੀਆਂ ਨੂੰ ਲੁਕਾਉਣ ਦੀ ਅਸਫ਼ਲ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਕਾਂਗਰਸ ਸਰਕਾਰ ਕਾਰਨ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ 9 ਅਪ੍ਰੈਲ ਨੂੰ ਕੋਟਕਪੂਰਾ ਫਾਇਰਿੰਗ ਦਾ ਚਲਾਨ ਪੇਸ਼ ਕੀਤਾ ਗਿਆ ਸੀ ਪਰ ਕਾਂਗਰਸ ਨੇ ਇਕ ਰਾਜਨੀਤਕ ਪਰਿਵਾਰ ਨੂੰ ਫ਼ਾਇਦਾ ਦੇਣ ਲਈ ਅੰਦਰਖਾਤੇ ਮਿਲੀਭੁਗਤ ਕਰ ਕੇ ਚਲਾਨ ਰੱਦ ਕਰਵਾਇਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ੇ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੱਕ ਦੇ ਸਫ਼ਰ ਵਿਚ ਕਾਂਗਰਸ ਦੇ ਮਨਸੂਬੇ ਬੇਨਕਾਬ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਅਤੇ 2022 ਪੰਜਾਬ ਵਿਚ ‘ਆਪ’ ਦੀ ਹੀ ਸਰਕਾਰ ਆਵੇਗੀ।

Share