ਕੁਵੈਤ ਅਤੇ ਦੁਬਈ ਤੋਂ ਪਰਤੇ 21 ਵਿਅਕਤੀ ਆਈਸੋਲੇਟ ਕੀਤੇ

791

ਖਡੂਰ ਸਾਹਿਬ, 28 ਮਈ (ਪੰਜਾਬ ਮੇਲ)- ਕੁਵੈਤ ਅਤੇ ਦੁਬਈ ਤੋਂ ਪਰਤੇ 21 ਵਿਅਕਤੀਆਂ ਨੂੰ ਅੱਜ ਇਥੇ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਹੋਸਟਲ ਵਿਚ ਬਣੇ ਕੁਆਰਨਟਾਈਨ ਸੈਂਟਰ ਵਿਚ ਆਈਸੋਲੇਟ ਕੀਤਾ ਗਿਆ ਹੈ। ਕਾਰ  ਸੇਵਾ ਖਡੂਰ ਸਾਹਿਬ ਨਾਲ ਸੰਬੰਧਤ ਸੇਵਾਦਾਰ ਭਾਈ ਨਿਰਮਲ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਇਥੇ ਖਡੂਰ ਸਾਹਿਬ ਵਿਖੇ ਆਈਸੋਲੇਟ ਕੀਤੇ ਗਏ ਕੁੱਲ ਵਿਅਕਤੀਆਂ ਦੀ ਗਿਣਤੀ ਹੁਣ 60 ਹੋ ਗਈ ਹੈ। ਨਵੇਂ ਆਉਣ ਵਾਲੇ ਬੀਤੀ ਰਾਤ ਅਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇ ਸਨ।
ਕੁਵੈਤ ਤੋਂ ਪਰਤੇ ਸ. ਮੰਗਲ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪਿਛਲੇ ਲਗਪਗ ਡੇੜ ਮਹੀਨੇ ਤੋਂ ਉਹ ਕੁਵੈਤ ਵਿਚ ਉਹ ਵਿਹਲੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਅਤੇ ਖਾਧ ਖੁਰਾਕ ਦਾ ਪੂਰਾ ਖਰਚਾ ਕੁਵੈਤ ਸਰਕਾਰ ਨੇ ਚੁੱਕਿਆ। ਉਨ੍ਹਾਂ ਕਿਹਾ ਕਿ ਇਕ ਵਿਦੇਸ਼ੀ ਮੁਲਕ ਹੋਣ ਦੇ ਬਾਵਜੂਦ ਕੁਵੈਤ ਸਰਕਾਰ ਨੇ ਕਿਸੇ ਪ੍ਰਵਾਸੀ ਕਾਮੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਸਾਨੂੰ ਅਮ੍ਰਿਤਸਰ ਪਹੁੰਚਾਉਣ ਵਾਸਤੇ ਵਿਸ਼ੇਸ਼ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਵਾਪਸ ਆਉਣ ਵਾਲੇ ਕਾਮਿਆਂ ਦੀਆਂ ਟਿਕਟਾਂ ਕੁਵੈਤ ਸਰਕਾਰ ਨੇ ਲੈ ਕੇ ਦਿੱਤੀਆਂ। ਤਰਨ ਤਾਰਨ ਦੇ ਵਸਨੀਕ ਸ. ਜਸਪਾਲ ਸਿੰਘ ਨੇ ਦੱਸਿਆ ਕਿ ਸਾਡੇ ਵਿਚੋਂ ਕਈ ਕਰਜ਼ਈ ਸਨ ਅਤੇ ਕਈਆਂ ਦੇ ਵੀਜ਼ੇ ਖਤਮ ਹੋ ਚੁੱਕੇ ਸਨ ਅਤੇ ਰੀਨਿਊ ਕਰਵਾਉਣ ਲਈ ਵੱਡੀਆਂ ਫੀਸਾਂ ਲੱਗਣੀਆਂ ਸਨ ਪਰ ਕੁਵੈਤ ਸਰਕਾਰ ਨੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਸਗੋਂ ਡੇੜ ਮਹੀਨਾ ਸਾਡਾ ਖਾਣ ਪੀਣ ਅਤੇ ਰਿਹਾਇਸ਼ ਦਾ ਖਰਚਾ ਵੀ ਚੁੱਕਿਆ। ਇਥੋਂ ਤੱਕ ਕਿ ਬਿਮਾਰ ਠਿਮਾਰ ਹੋਣ ਵਾਲੇ ਪ੍ਰਵਾਸੀ ਕਾਮਿਆਂ ਦਾ ਇਲਾਜ ਮੁਫਤ ਕਰਵਾਇਆ। ਇਥੇ ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਦੇ ਆਈਸੋਲੇਸ਼ਨ ਸੈਂਟਰ ਵਿਖੇ ਆਈਸੋਲੇਟ ਕੀਤੇ ਗਏ ਵਿਅਕਤੀਆਂ ਦੀ ਰਿਹਾਇਸ਼ ਸਮੇਤ ਲੰਗਰ ਪਾਣੀ ਅਤੇ ਸਾਂਭ ਸੰਭਾਲ ਦੀ ਸੇਵਾ ਕਾਰਸੇਵਾ ਖਡੂਰ ਸਾਹਿਬ ਵਲੋਂ ਨਿਭਾਈ ਜਾ ਰਹੀ ਹੈ।