ਕੀ ਬਣੇਗਾ ਭਾਰਤ ਦੀਆਂ ਖੇਡਾਂ ਦਾ….

877
Share

ਖੇਡ ਲੇਖਕ: ਜਗਦੀਪ ਕਾਹਲੋਂ

ਕੁਦਰਤ ਦੀਆਂ ਰਮਜ਼ਾਂ ਨੂੰ ਪਰਮਾਤਮਾ ਹੀ ਜਾਣਦਾ ਹੈ।ਅੱਜ ਪੂਰੀ ਦੁਨੀਆਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੀ ਹੈ ਤੇ ਸਾਰੇ ਸੰਸਾਰ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਹੈ। ਪੂਰੀ ਦੁਨੀਆਂ ਦਾ ਕੰਮਕਾਜ ਲਾਕਡਾਊਨ ਕਰਨ ਠੱਪ ਹੋ ਗਿਆ ਹੈ।ਦੁਨੀਆਂ ਦੀ ਆਰਥਿਕ ਤੇ ਸਮਾਜਿਕ ਸਥਿਤੀ ਡਾਵਾਂ ਡੋਲ ਹੋ ਗਈ ਹੈ ।ਜੇਕਰ ਗੱਲ ਭਾਰਤ ਦੀ ਕਰੀਏ ਤਾਂ ਭਾਰਤ ਵਿੱਚ ਵੀ ਪਿਛਲੇ ਲਗਭਗ ਇੱਕ ਮਹੀਨੇ ਤੋਂ ਲਾਕਡਾਊਨ ਚੱਲ ਰਿਹਾ ਹੈ। ਜੇਕਰ ਗੱਲ ਖੇਡਾਂ ਦੀ ਕਰੀਏ ਤਾਂ ਦੁਨੀਆਂ ਦੇ ਸਾਰੇ ਵੱਡੇ ਈਵੈਂਟ ਜਿਵੇ ਓਲੰਪਿਕ ਖੇਡਾਂ, ਟੂਰ.ਡੀ ਫਰਾਂਸ ਸਾਈਕਲਿੰਗ ਦੇ ਸਭ ਤੋਂ ਵੱਡੇ ਈਵੈਂਟ ਵੀ ਕਰੋਨਾ ਵਾਇਰਸ ਦੀ ਭੇਟ ਚੜ੍ਹ ਗਏ ਹਨ।ਅਤੇ ਇਹ ਸਾਰੇ ਈਵੈਂਟੇ ਅਗਲੇ ਸਾਲ ਲਈ ਮੁਲਤਵੀ ਕਰ ਦਿੱਤੇ ਗਏ ਹਨ।ਭਾਰਤ ਵਿੱਚ ਕਈ ਟੂਰਨਾਮੈਂਟ ,ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਦੀਆਂ ਚੈਪੀਅਨਸ਼ਿਪਾਂ ਵੀ ਰੱਦ ਹੋ ਗਈਆਂ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਵਿੱਚ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਵੀ ਇਸ ਕਰੋਨਾ ਦੀ ਭੇਟ ਚੜ੍ਹੀਆਂ ਲੱਗ ਰਹੀਆਂ ਹਨ ।ਇਹ ਸਭ ਈਵੈਟ ਰੱਦ ਹੋਣ ਨਾਲ ਖੇਡ ਜਗਤ ਵਿੱਚ ਬੜਾ ਡੂੰਘਾ ਅਸਰ ਪਿਆ ਹੈ।ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਵੀ ਦੁਨੀਆਂ ਦੇ ਵੱਡੇ ਈਵੈਂਟੇ ਮੁਲਤਵੀ ਹੰਦੇ ਹਨ ਤਾਂ ਉਸ ਦੇਸ਼ ਦੇ ਖੇਡ ਸਿਸਟਮ ਨੂੰ ਬਹੁਤ ਵੱਡਾ ਨੁਕਸਾਨ ਪਹੰਚਦਾ ਹੈ।ਇਸ ਕਰੋਨਾ ਵਾਈਰਸ ਦੀ ਮਾਰ ਖੇਡਾਂ ,ਖਿਡਾਰੀਆ ਤੇ ਖੇਡਾਂ ਨਾਲ ਸੰਬੰਧਿਤ ਵਿਭਾਗਾਂ ਉਪਰ ਵੀ ਜਰੂਰ ਪਵੇਗੀ।ਜੇਕਰ ਗੱਲ ਭਾਰਤੀ ਰੇਲਵੇ ਦੀ ਕਰੀਏ ਤਾਂ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਆਰਗਨਾਈਜ਼ੇਸ਼ਨ ਹੈ ਅਤੇ ਇਸ ਵਿੱਚ ਸਭ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ।ਭਾਰਤੀ ਰੇਲਵੇ ਵਿੱਚ ਸਭ ਤੋਂ ਵੱਧ ਵੱਖ-ਵੱਖ ਖੇਡਾਂ ਦੇ ਖਿਡਾਰੀ ਨੌਕਰੀ ਕਰਦੇ ਹਨ ।ਰੇਲਵੇ ਦਾ ਖੇਡ ਪ੍ਰਬੰਧ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ ਕਰਦਾ ਹੈ।ਇਸ ਦੀ ਸਥਾਪਨਾ ਸਾਲ 1928 ਵਿੱਚ ਹੋਈ ਸੀ।ਭਾਰਤੀ ਰੇਲਵੇ ਦੇ ਅਨੇਕਾਂ ਖਿਡਾਰੀ ਜਿਹਨਾਂ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਸੁਸ਼ੀਲ ਕੁਮਾਰ, ਸਟਾਰ ਖਿਡਾਰੀ ਬਜਰੰਗ ਪੂਨੀਆ,ਵਿਨੇਸ਼ ਫੋਗਟ,ਸੁਨੀਤਾ,ਕਿਰਨ,ਸਤੀਸ਼,ਪ੍ਰਦੀਪ,ਨਵਜੋਤ ਕੌਰ ਪੂਨਮ ਆਦਿ ਅਜਿਹੇ ਅਨੇਕਾਂ ਖਿਡਾਰੀ ਰੇਲਵੇ ਦੀ ਹੀ ਦੇਣ ਹਨ, ਜਿਹਨਾਂ  ਨੇ ਭਾਰਤ ਦੇ ਝੰਡੇ ਨੂੰ ਪੂਰੀ ਦੁਨੀਆਂ ‘ਚ ਲਹਿਰਾਇਆ ਹੈ।ਸਾਲ 1960 ਤੋ 2012 ਤੱਕ 19 ਰੇਲਵੇ ਦੇ ਖਿਡਾਰੀਆਂ ਨੇ  ਪਦਮਸ਼੍ਰੀ ਐਵਾਰਡ ਹਾਸਲ ਕੀਤੇ।ਸਾਲ 2001 ਤੌ 2017 ਤੱਕ 8 ਕੋਚਾਂ ਨੂੰ ਦਰੋਣਾਚਾਰੀਆ ਐਵਾਰਡ ਮਿਲਿਆ।ਸਾਲ 1961 ਤੋਂ 2014 ਤੱਕ ਕੁੱਲ 152 ਰੇਲਵੇ ਦੇ ਖਿਡਾਰੀਆਂ ਨੇ ਅਰਜੁਨ ਐਵਾਰਡ ਹਾਸਲ ਕੀਤੇ ਹਨ।ਰਾਜੀਵ ਗਾਂਧੀ ਖੇਲ ਰਤਨ ਐਵਾਰਡ ਭਾਰਤੀ ਰੇਲਵੇ ਦੇ ਤਿੰਨ ਖਿਡਾਰੀਆਂ ਨੂੰ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ ।ਇਨ੍ਹਾਂ ਸਾਰੇ ਐਵਾਰਡਾਂ ਵਿੱਚ ਸਭ ਤੋਂ ਅਹਿਮ ਨਾਂ ਪਦਮਸ਼੍ਰੀ ਰੈਸਲਰ ਸੁਸ਼ੀਲ ਕੁਮਾਰ ਦਾ ਨਾਂ ਆਉਂਦਾ ਹੈ ਜਿਸ ਨੇ ਪਦਮਸ਼੍ਰੀ , ਅਰਜੁਨ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਭਾਰਤ ਦੇ ਰਾਸ਼ਟਰਪਤੀ ਤੋਂ ਹਾਸਲ ਕੀਤਾ ਹੈ।ਇਹ ਗੱਲ ਇਸ ਲਈ ਕੀਤੀ ਜਾ ਰਹੀ ਹੈ ਕਿਉਕੀ ਰੇਲਵੇ ਇਸ ਸਮੇ ਭਾਰਤੀ ਰੇਲਵੇ ਬੜੇ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਇਸ ਸਮੇ ਖਿਡਾਰੀਆ ਦੇ ਮਨ ਵਿੱਚ ਡਰ ਹੈ ਕਿ ਇਸ ਘਾਟੇ ਨਾਲ ਉਹਨਾਂ ਦੀ ਭਰਤੀ ਬੰਦ ਨਾ ਹੋ ਜਾਵੇ।ਹਰ ਨੌਜਵਾਨ ਖਿਡਾਰੀ ਦੀ ਇੱਛਾ ਹੈ ਕਿ ਉਹ ਰੇਲਵੇ ਵਰਗੇ ਵੱਡੇ ਵਿਭਾਗ ਵਿੱਚ ਨੋਕਰੀ ਕਰੇ।ਜੇਕਰ ਰੇਲਵੇ ਵਰਗੇ ਵਿਭਾਗ ਨੇ ਖਿਡਾਰੀਆਂ ਦੀ ਭਰਤੀ ਨਾ ਕੀਤੀ ਤਾਂ ਬਾਕੀ ਵਿਭਾਗਾਂ ਵਾਂਗ ਰੇਲਵੇ ਦਾ ਖੇਡ ਸਿਸਟਮ ਵੀ ਖਤਮ ਹੋ ਜਾਵੇਗਾ। ਇਸ ਦੇ ਨਾਲ ਦੇਸ਼ ਦੀ ਖੇਡ ਪ੍ਰਣਾਲੀ ਨੂੰ ਵੀ ਬਹੁਤ ਵੱਡਾ ਧੱਕਾ ਲੱਗੇਗਾ ਤੇ ਖਿਡਾਰੀਆਂ ਦਾ ਮਨੋਬਲ ਟੁੱਟੇਗਾ।ਜੇਕਰ ਇਸ ਤੋ ਪਹਿਲਾਂ ਦੀ ਉਦਾਹਰਨ ਦਈਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਭਾਗ ਪੰਜਾਬ ਪੁਲੀਸ, ਪੰਜਾਬ ਰਾਜ ਬਿਜਲੀ ਬੋਰਡ ਵਰਗੇ ਵੱਡੇ ਅਦਾਰਿਆਂ ਨੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੂੰ ਭਰਤੀ ਕੀਤਾ ਸੀ ਅਤੇ ਖਿਡਾਰੀਆਂ ਨੇ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਨੇਕਾਂ ਤਗਮੇ ਜਿੱਤ ਕੇ ਭਾਰਤ ਤੇ  ਆਪਣੇ ਵਿਭਾਗਾਂ ਦਾ ਨਾਂ ਰੌਸ਼ਨ ਕੀਤਾ ਪਰ ਇਨ੍ਹਾਂ ਵਿਭਾਗਾਂ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਇਨ੍ਹਾਂ ਵਿਭਾਗਾਂ ਨੇ ਭਰਤੀ ਉੱਪਰ ਰੋਕ ਲਗਾ ਦਿੱਤੀ ਅਤੇ ਅੱਜ ਇਨ੍ਹਾਂ ਵਿਭਾਗਾਂ ਦਾ ਨਾਮ ਖੇਡਾਂ ਦੇ ਨਕਸ਼ੇ ਤੋ ਲੱਗਭਗ ਖਤਮ ਹੋ ਗਿਆ ਹੈ ।ਜੇਕਰ ਨਾਲ ਲੱਗਦੇ ਸੂਬੇ  ਹਰਿਆਣੇ ਦੀ ਕਰੀਏ ਤਾਂ ਹਰਿਆਣੇ ਨੇ ਆਪਣੇ ਹਰ ਵਿਭਾਗ ਵਿੱਚ ਭਰਤੀ ਜਾਰੀ ਰੱਖੀ ਤੇ ਨਤੀਜੇ ਤੁਹਾਡੇ ਸਾਹਮਣੇ ਹਨ।ਸੋ ਉਮੀਦ ਕਰਦੇ ਹਾਂ ਕਿ ਰੇਲਵੇ ਵਿਭਾਗ ਭਾਵੇਂ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਪਰ ਸਪੋਰਟਸ ਨੂੰ ਰੇਲਵੇ ਕਦੇ ਵੀ ਖਤਮ ਨਹੀ ਹੋਣ ਦੇਵੇਗਾਂ।ਅਸੀਂ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਦੁਨੀਆਂ ਮੁਕਤ ਹੋ ਜਾਵੇ ਅਤੇ ਦੁਬਾਰਾ ਫਿਰ ਦੁਨੀਆਂ ਉਸੇ ਤਰੱਕੀ ਦੀ ਰਾਹ ਤੇ ਚੱਲ ਪਵੇ, ਖਿਡਾਰੀ ਮੁੜ ਖੇਡ ਮੈਦਾਨਾਂ ਵਿੱਚ ਰੋਣਕਾ ਲਗਾਉਣ ਤੇ ਦਰਸ਼ਕ ਖੇਡਾਂ ਦਾ ਆਨੰਦ ਮਾਣਨ।
ਖੇਡ ਲੇਖਕ: ਜਗਦੀਪ ਕਾਹਲੋਂ
82888-47042


Share