”ਕੀ ਬਣੂ ਮੇਰੇ ਪੰਜਾਬ ਦਾ” ਗੀਤ ਰਾਹੀ ਗਾਇਕ ਗੋਰਾ ਲੌਂਗੋਵਾਲੀਆਂ ਪੇਸ਼ ਕੀਤੀ ਪੰਜਾਬ ਦੀ ਅਸਲ ਤਸਵੀਰ

903
ਗਾਇਕ ਅਤੇ ਗੀਤਕਾਰ ਗੋਰਾ ਲੌਂਗੋਵਾਲੀਆ।
Share

ਫਰਿਜ਼ਨੋ, 19 ਅਗਸਤ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ/ਪੰਜਾਬ ਮੇਲ)- ਅਜੋਕੀ ਗਾਇਕੀ ਅਤੇ ਵੀਡੀਉ ਰਾਹੀਂ ਗਾਇਕਾਂ ਨੇ ਪੰਜਾਬ ਦੇ ਸੱਭਿਆਚਾਰ ਦਾ ਘਾਣ ਕਰਕੇ ਰੱਖ ਦਿੱਤਾ। ਜਿਸ ਵਿਚ ਵੱਧ ਰਹੇ ਸੋਸ਼ਲ ਮੀਡੀਏ ਨੇ ਵੀ ਕੋਈ ਕਸਰ ਨਹੀਂ ਛੱਡੀ। ਜਿੱਥੇ ਕਿਸੇ ਸਮੇਂ ਗਾਇਕ ਸੱਭਿਆਚਾਰ ਦੇ ਦਾਇਰੇ ਅੰਦਰ ਰਹਿ ਗੀਤ ਰਾਹੀਂ ਮਨੋਰੰਜਨ ਕਰਨ ਦੇ ਨਾਲ-ਨਾਲ ਅੰਤ ਕੋਈ ਸੁਨੇਹਾ ਵੀ ਦਿੰਦੇ ਸਨ, ਉੱਥੇ ਅਜੋਕੇ ਗਾਇਕ ਬਦਮਾਸ਼ੀ, ਲੱਚਰਤਾ ਅਤੇ ਬੰਦੂਕਾਂ ਦੇ ਸੱਭਿਆਚਾਰ ਨੂੰ ਫੈਲਾ ਰਹੇ ਹਨ। ਅਜਿਹੇ ਸਮੇਂ ਵੀ ਕੁਝ ਕਲਾਕਾਰ ਹਨ, ਜੋ ਆਪਣੀ ਗੀਤਕਾਰੀ ਅਤੇ ਗਾਇਕੀ ਰਾਹੀ ਸੱਚਮੁੱਚ ਪੰਜਾਬ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੌਂਗੋਵਾਲ ਦਾ ਜੰਮਪਲ ਚਮਕੌਰ ਸਿੰਘ ਗੋਰਾ ਹੈ। ਪਰ ਉਸ ਨੂੰ ਸਾਰੇ ‘ਗੌਰਾ ਲੌਂਗੋਵਾਲੀਆ’ ਦੇ ਨਾਮ ਜਾਣਦੇ ਹਨ। ਇਹ ਅੱਜਕੱਲ੍ਹ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਵਿਖੇ ਰਹਿ ਰਿਹਾ ਹੈ। ਇਸ ਨੂੰ ਸੱਭਿਆਚਾਰ ਦੀ ਗੁੱੜਤੀ ਪਰਿਵਾਰਕ ਵਿਰਸੇ ਵਿਚੋਂ ਮਿਲੀ ਹੈ। ਇਹ ਸੰਘੇੜਾ ਕਾਲਜ ਅਤੇ ਮਸਤੂਆਣਾ ਸਾਹਿਬ ਦੇ ਕਾਲਜ ਤੋਂ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਚ ਭੰਗੜੇ ਦੀ ਟੀਮ ਨਾਲ ਢੋਲੀ ਅਤੇ ਗਾਇਕ ਦੀਆ ਸੇਵਾਵਾਂ ਨਿਭਾ ਚੁੱਕਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿਚ ਆਪਣੀ ਕਲਾ ਕਰਕੇ ਸਨਮਾਨ ਹਾਸਲ ਕਰ ਚੁੱਕਾ ਹੈ। ਅਮਰਿੰਦਰ ਗਿੱਲ ਅਤੇ ਗਿੱਪੀ ਗਰੇਵਾਲ ਆਦਿਕ ਹੋਰ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਵਾਲੇ ਇਸ ਕਲਾਕਾਰ ਦੁਆਰਾ ਪੰਜਾਬ ਦੀ ਵਿਗੜ ਰਹੀ ਹਾਲਤ, ਗਾਇਕਾਂ ਦੁਆਰਾ ਸੱਭਿਆਚਾਰ ਦਾ ਸ਼ੋਸ਼ਣ ਅਤੇ ਘਟੀਆ ਸਿਆਸਤ ਬਾਰੇ ਆਪ ਲਿਖਿਆ ਅਤੇ ਗਾਇਆ ਗੀਤ ਯੂ-ਟਿਊਬ ਰਾਹੀਂ ”ਕੀ ਬਣੂ ਪੰਜਾਬ ਦਾ” ਰਿਲੀਜ਼ ਕੀਤਾ ਗਿਆ। ਜਿਸ ਵਿਚ ਵਿਗੜ ਰਹੇ ਹਲਾਤਾਂ ‘ਤੇ ਬਹੁਤ ਖੁੱਲ੍ਹ ਕੇ ਵਿਅੰਗ ਕੀਤੇ ਗਏ ਹਨ। ਜਿਵੇਂ ਸਕੂਲਾਂ ਨਾਲੋਂ ਪਹਿਲਾਂ ਠੇਕੇ ਖੋਲ੍ਹੇ ਨੇ, ਕੀ ਬਣੂ ਮੇਰੇ ਪੰਜਾਬ ਦਾ ਹੁਣ ਤਾਂ ਪਤਾ ਨਹੀਂ।ਜਿੱਥੇ ਪੜ੍ਹੇ-ਲਿਖੇ ਝੋਨਾ ਲਾਉਂਦੇ ਨੇ ਸਰਕਾਰਾਂ ‘ਟਿਕ-ਟਾਕ’ ਵਾਲਿਆਂ ਨੂੰ ਨੌਕਰੀਆਂ, ਕਿੰਨੇ ਹੀ ਗੱਭਰੂ ਨਸ਼ੇ ਨੇ ਮਾਰ ਦਿੱਤੇ, ਕਿਸਾਨ ਫਾਹੇ ਲੈ ਰਹੇ ਨੇ, ਬੰਦੂਕਾਂ, ਦਾਰੂ, ਕੁੜੀਆਂ ‘ਤੇ ਬਹੁਤ ਗੀਤ ਆਉਂਦੇ ਨੇ ਆਦਿਕ। ਇਸ ਗੀਤ ਰਾਹੀਂ ਮੰਨੋਰੰਜ਼ਨ ਦੇ ਨਾਲ-ਨਾਲ ਪੰਜਾਬ ਦਾ ਦਰਦ ਬਹੁਤ ਸੁਚੱਜੇ ਤਰੀਕੇ ਨਾਲ ਪੇਸ਼ ਕਰਦੇ ਹੋਏ ਬਹੁਤ ਸਾਰੇ ਨਿਘਾਰ ਵੱਲ ਲਿਜਾ ਰਹੇ ਪੱਖਾਂ ‘ਤੇ ਗਾਇਆ ਗਿਆ ਹੈ। ਅੱਜ ਦੇ ਸਮੇਂ ਦੀ ਇਹ ਲੋੜ ਹੈ ਕਿ ਚੰਗੇ ਸਿੱਖਿਆਦਾਇਕ ਗੀਤ ਲਿਖੇ ਅਤੇ ਗਾਏ ਜਾਣ, ਤਾਂ ਜੋ ‘ਸੋਨੇ ਦੀ ਚਿੜੀ’ ਕਹੇ ਜਾਣ ਵਾਲੇ ਪੰਜਾਬ ਨੂੰ ਵਗ ਰਹੇ ਛੇਵੇਂ ਨਸ਼ਿਆਂ ਦੇ ਦਰਿਆ ਤੋਂ ਬਚਾਇਆ ਜਾ ਸਕੇ। ਅਸੀਂ ਕਹਿ ਸਕਦੇ ਹਾਂ ਕਿ ਇਹ ਗੀਤ ਸਰੋਤਿਆਂ ਦੀ ਪਸੰਦ ਅਤੇ ਸੱਭਿਆਚਾਰ ਦਾ ਮਾਣ ਬਣੇਗਾ। ਇਸ ਗੀਤ ਦੀ ਸਫਲਤਾ ਲਈ ਗੋਰਾ ਲੌਂਗੋਵਾਲੀਆ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।


Share