ਕੀ ਕੋਰੋਨਾਵਾਇਰਸ ਵਿਸ਼ਵ ਆਰਥਿਕਤਾ ‘ਤੇ ਅਸਰ ਕਰ ਸਕਦੀ ਹੈ?

781

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਕੁੱਝ ਸਮਾਂ ਪਹਿਲਾਂ ਚੀਨ ਦੇ ਹੂਬਈ ਸੂਬੇ ‘ਚ ਫੈਲੀ ਕੋਰੋਨਾਵਾਇਰਸ ਦੀ ਮਹਾਮਾਰੀ ਨੇ ਇਸ ਵੇਲੇ ਪੂਰੀ ਦੁਨੀਆਂ ਵਿਚ ਦਹਿਸ਼ਤ ਪਾ ਰੱਖੀ ਹੈ। 5 ਕਰੋੜ ਤੋਂ ਵਧੇਰੇ ਆਬਾਦੀ ਵਾਲੇ ਇਸ ਸੂਬੇ ਵਿਚ ਹੁਣ ਤੱਕ 3 ਹਜ਼ਾਰ ਦੇ ਕਰੀਬ ਲੋਕ ਇਸ ਮਹਾਮਾਰੀ ਦੇ ਮੂੰਹ ‘ਚ ਜਾ ਪਏ ਹਨ, ਜਦਕਿ ਇਸ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ 80 ਹਜ਼ਾਰ ਤੋਂ ਵੀ ਟੱਪ ਗਈ ਹੈ। ਇਸ ਵੇਲੇ ਇਸ ਮਹਾਮਾਰੀ ਵਿਚ 70 ਤੋਂ ਵਧੇਰੇ ਦੇਸ਼ ਪ੍ਰਭਾਵਿਤ ਹੋ ਰਹੇ ਦੱਸੇ ਜਾ ਰਹੇ ਹਨ।  ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਇਹ ਇੱਕ ਤਾਜ਼ਾ ਚਿਤਾਵਨੀ ਹੈ। ਮੌਜੂਦਾ ਸਮੇਂ ਵਿਚ, ਜੇ ਅੰਟਾਰਕਟਿਕਾ ਨੂੰ ਛੱਡ ਦਿੱਤਾ ਜਾਵੇ, ਤਾਂ ਕੋਰੋਨਾ ਦੀ ਲਾਗ ਸਾਰੇ ਮਹਾਂਦੀਪਾਂ ‘ਚ ਫੈਲ ਚੁੱਕੀ ਹੈ।
ਚੀਨ ਤੋਂ ਪੈਦਾ ਹੋਇਆ ਇਹ ਵਾਇਰਸ ਹੁਣ ਬ੍ਰਿਟੇਨ, ਅਮਰੀਕਾ, ਜਾਪਾਨ, ਦੱਖਣੀ ਕੋਰੀਆ, ਫਿਲਪੀਨਜ਼, ਥਾਈਲੈਂਡ, ਈਰਾਨ, ਨੇਪਾਲ ਅਤੇ ਪਾਕਿਸਤਾਨ ਵਰਗੇ ਕਈ ਦੇਸ਼ਾਂ ਵਿਚ ਪਹੁੰਚ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ”ਕੋਰੋਨਾ ਵਾਇਰਸ ਦੀ ਲਾਗ ਦਾ ਜ਼ੋਖ਼ਮ ‘ਜ਼ਿਆਦਾ’ ਤੋਂ ਵੱਧ ਕੇ ‘ਬਹੁਤ ਜ਼ਿਆਦਾ’ ਹੋ ਗਿਆ ਹੈ। ਜਿਸ ਤਰ੍ਹਾਂ ਵੱਖੋ-ਵੱਖਰੇ ਦੇਸ਼ਾਂ ਵਿਚ ਕੋਰੋਨਾ ਇੰਫੈਕਸ਼ਨ ਦੇ ਕੇਸ ਵੱਧ ਰਹੇ ਹਨ, ਇਹ ਸਪੱਸ਼ਟ ਤੌਰ ‘ਤੇ ਚਿੰਤਾਜਨਕ ਹੈ।” ਬਹੁਤ ਸਾਰੇ ਦੇਸ਼ਾਂ ਵਿਚ, ਜਿੱਥੇ ਕੋਰੋਨਾ ਦੀ ਲਾਗ ਨੂੰ ਲੈ ਕੇ ਚੌਕਸੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ, ਭਾਰਤ ਅਜੇ ਵੀ ਬੇਪ੍ਰਵਾਹ ਜਾਪਦਾ ਹੈ।
ਅਮਰੀਕਾ ਵਿਚ ਵੀ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਅੰਗਰੇਜ਼ਾਂ ਦੇ ਜ਼ਮਾਨੇ ਵਿਚ ਭਾਰਤ ਅੰਦਰ ਪਲੇਗ ਦੀ ਬਿਮਾਰੀ ਫੈਲੀ ਸੀ, ਜਿਸ ਨਾਲ ਹਜ਼ਾਰਾਂ ਲੋਕ ਮਾਰੇ ਗਏ ਸਨ। ਉਸ ਸਮੇਂ ਦਵਾ-ਦਾਰੂ ਦੀ ਬੇਹੱਦ ਘਾਟ ਹੋਣ ਕਾਰਨ ਇਸ ਬਿਮਾਰੀ ਨੇ ਕਈ ਖੇਤਰਾਂ ਵਿਚ ਆਬਾਦੀ ਦੇ ਸਫਾਏ ਹੀ ਕਰ ਦਿੱਤੇ ਸਨ। ਪਲੇਗ ਦੀ ਇਹ ਬਿਮਾਰੀ ਚੂਹਿਆਂ ਤੋਂ ਫੈਲੀ ਸੀ। ਹੁਣ ਵੀ ਚੀਨ ‘ਚ ਫੈਲੇ ਕੋਰੋਨਾਵਾਇਰਸ ਦਾ ਮੁੱਢ ਤਾਂ ਭਾਵੇਂ ਅਜੇ ਤੱਕ ਨਹੀਂ ਲੱਭਿਆ ਜਾ ਸਕਿਆ ਅਤੇ ਨਾ ਹੀ ਇਸ ਨਾਮੁਰਾਦ ਵਾਇਰਸ ਦੀ ਪੈਦਾਇਸ਼ ਕਿੱਥੋਂ ਤੇ ਕਿਵੇਂ ਹੋਈ ਦਾ ਪਤਾ ਲੱਗਾ ਹੈ ਪਰ ਇੰਨਾ ਕੁ ਅੰਦਾਜ਼ਾ ਜ਼ਰੂਰ ਲੱਗ ਰਿਹਾ ਹੈ ਕਿ ਹੂਬਈ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਵੂਹਾਨ ਵਿਚ ਇਹ ਵਾਇਰਸ ਛੋਟੇ ਜਾਨਵਰਾਂ ਜਾਂ ਹੋਰ ਕੀੜੇ-ਮਕੌੜਿਆਂ ਨੂੰ ਖਾਣ ਤੋਂ ਆਰੰਭ ਹੋਇਆ ਹੋ ਸਕਦਾ ਹੈ। 
ਦੁਨੀਆਂ ਦੇ 70 ਤੋਂ ਵੱਧ ਦੇਸ਼ਾਂ ਵਿਚ ਇਸ ਮਹਾਂਮਾਰੀ ਦੇ ਪੈਰ ਫੈਲਾਉਣ ਨਾਲ ਚੀਨੀ ਆਰਥਿਕਤਾ ਤਾਂ ਬੁਰੀ ਤਰ੍ਹਾਂ ਡਗਮਗਾ ਰਹੀ ਹੈ, ਪਰ ਇਸ ਨੇ ਕਿਸੇ ਨਾ ਕਿਸੇ ਰੂਪ ਵਿਚ ਸਾਰੇ ਹੀ ਦੇਸ਼ਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਨਵੀਆਂ ਖ਼ਬਰਾਂ ਇਹ ਆ ਰਹੀਆਂ ਹਨ ਕਿ ਵੂਹਾਨ ਵਿਚ ਜਿੱਥੇ 5 ਹਜ਼ਾਰ ਹਸਪਤਾਲ ਸਨ, ਉਥੇ ਇਸ ਬਿਮਾਰੀ ਦੀ ਰੋਕਥਾਮ ਲਈ 15 ਹਜ਼ਾਰ ਹੋਰ ਆਰਜ਼ੀ ਹਸਪਤਾਲ ਬਣਾਏ ਗਏ ਹਨ। ਉਥੇ ਹੁਣ ਮਰੀਜ਼ਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਦੂਜੇ ਨੰਬਰ ‘ਤੇ ਇਸ ਵੇਲੇ ਇਰਾਨ ਅਤੇ ਇਟਲੀ ਹਨ। ਇਰਾਨ ਅਤੇ ਇਟਲੀ ਵਿਚ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ। 
ਗੱਲ ਸਿਰਫ ਮੌਤਾਂ ਅਤੇ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਤੱਕ ਹੀ ਸੀਮਤ ਨਹੀਂ, ਸਗੋਂ ਇਸ ਵਾਇਰਸ ਨੇ ਪੂਰੀ ਦੁਨੀਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚੀਨ ਨੂੰ ਦੁਨੀਆਂ ਅੰਦਰ ‘ਫੈਕਟਰੀ ਆਫ ਦ ਵਰਲਡ’ ਕਿਹਾ ਜਾਂਦਾ ਰਿਹਾ ਹੈ। ਪਰ ਹੁਣ ਪੂਰੀ ਦੁਨੀਆਂ ਵਿਚ ਚੀਨ ਦੀ ਇਹ ਚੇਨ ਟੁੱਟ ਗਈ ਹੈ। ਸੂਈ ਤੋਂ ਲੈ ਕੇ ਖਿਡੌਣਿਆਂ ਤੱਕ, ਖੇਡਾਂ ਦੇ ਸਮਾਨ ਤੋਂ ਲੈ ਕੇ ਔਰਤਾਂ ਦੇ ਹਾਰ-ਸ਼ਿੰਗਾਰ ਤੱਕ ਅਤੇ ਲੋਕਾਂ ਦੇ ਵਰਤੋਂ ਵਿਚ ਆਉਣ ਵਾਲੀ ਹਰ ਚੀਜ਼ ਦਾ ਉਤਪਾਦਨ ਪਿਛਲੇ 10-15 ਸਾਲ ਤੋਂ ਚੀਨ ਵਿਚ ਹੋਣ ਲੱਗ ਪਿਆ। ਪਿਛਲੇ ਸਾਲਾਂ ਦੌਰਾਨ ਹਾਲਤ ਅਜਿਹੀ ਬਣ ਗਈ ਕਿ ਫਰਨੀਚਰ, ਜੁੱਤੀਆਂ, ਇਲੈਕਟ੍ਰਾਨਿਕ ਦਾ ਸਾਮਾਨ ਸਮੇਤ ਹੋਰ ਸਾਰੀਆਂ ਚੀਜ਼ਾਂ ਦਾ ਦੁਨੀਆਂ ਦੇ ਬਾਕੀ ਮੁਲਕਾਂ ਵਿਚ ਉਤਪਾਦਨ ਬੇਹੱਦ ਡਿੱਗ ਪਿਆ ਅਤੇ ਇਹ ਸਾਰਾ ਸਾਮਾਨ ਚੀਨ ਵਿਚੋਂ ਹੀ ਬਾਹਰਲੇ ਮੁਲਕਾਂ ਨੂੰ ਜਾਣਾ ਸ਼ੁਰੂ ਹੋ ਗਿਆ। ਇਸ ਨਾਲ ਚੀਨੀ ਆਰਥਿਕਤਾ ਨੂੰ ਇੰਨਾ ਵੱਡਾ ਹੁਲਾਰਾ ਮਿਲਿਆ ਕਿ ਚੀਨ ਦੁਨੀਆਂ ਦੀ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਆਰਥਿਕ ਸ਼ਕਤੀ ਵਜੋਂ ਉੱਭਰ ਆਇਆ। ਪਿਛਲੇ ਸਾਲਾਂ ਤੋਂ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਜੰਗ ਚੱਲ ਰਹੀ ਹੈ। 
ਹੁਣ ਕੋਰੋਨਾਵਾਇਰਸ ਨੇ ਹਾਲਾਤ ਇਕਦਮ ਬਦਲ ਦਿੱਤੇ ਹਨ। ਚੀਨ ਅੰਦਰਲੇ ਛੋਟੇ-ਵੱਡੇ ਕਾਰਖਾਨਿਆਂ ਤੋਂ ਬਣਿਆ ਸਾਮਾਨ ਵਿਦੇਸ਼ਾਂ ਨੂੰ ਜਾਣਾ ਬੰਦ ਹੋ ਗਿਆ ਹੈ। ਇਸ ਨਾਲ ਫੈਕਟਰੀਆਂ ਵਿਚ ਉਤਪਾਦਨ ਬੰਦ ਹੋ ਗਿਆ ਹੈ ਜਾਂ ਬੇਹੱਦ ਘੱਟ ਗਿਆ ਹੈ। ਬਾਹਰਲੇ ਮੁਲਕਾਂ ਤੋਂ ਚੀਨ ਨੂੰ ਕੱਚਾ ਮਾਲ ਜਾਣ ਦਾ ਕੰਮ ਵੀ ਲਗਭਗ ਠੱਪ ਪਿਆ ਹੈ। ਸਭ ਤੋਂ ਵਧੇਰੇ ਹਰਜਾ ਏਅਰਲਾਈਨਾਂ ਨੂੰ ਪੁੱਜਿਆ ਹੈ। ਚੀਨੀ ਹਵਾਈ ਕੰਪਨੀਆਂ ਇਸ ਵੇਲੇ ਆਪਣੇ ਜਹਾਜ਼ ਹਵਾਈ ਅੱਡਿਆਂ ਵਿਚ ਖੜ੍ਹੇ ਕਰਨ ਲਈ ਮਜਬੂਰ ਹੋ ਗਈਆਂ ਹਨ। ਹੁਣ ਤੱਕ ਚੀਨੀ ਹਵਾਈ ਕੰਪਨੀਆਂ ਨੂੰ 12.8 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਇੰਟਰਨੈਸ਼ਨਲ ਏਅਰਟਰਾਂਸਪੋਰਟੇਸ਼ਨ ਐਸੋਸੀਏਸ਼ਨ ਮੁਤਾਬਕ ਸੰਸਾਰ ਪੱਧਰ ਉੱਤੇ ਏਅਰਲਾਈਨਾਂ ਨੂੰ ਹੁਣ ਤੱਕ 29 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਿਆ ਹੈ। ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਹਵਾਈ ਕੰਪਨੀਆਂ ਨੂੰ ਇੰਨਾ ਵੱਡਾ ਵਿੱਤੀ ਘਾਟਾ ਇਕੋ ਝਟਕੇ ਨਾਲ ਪਹਿਲੀ ਵਾਰ ਹੋਇਆ ਹੈ। 
ਕੋਰੋਨਾਵਾਇਰਸ ਦਾ ਚੀਨੀ ਆਰਥਿਕਤਾ ਉਪਰ ਅਸਰ ਇੰਨਾ ਵਿਆਪਕ ਹੈ ਕਿ ਪਿਛਲੇ ਵਰ੍ਹੇ ਚੀਨ ਦੀ ਕੁੱਲ ਘਰੇਲੂ ਉਤਪਾਦਨ ਵਿਕਾਸ ਦਰ 6 ਫੀਸਦੀ ਸੀ, ਜੋ ਚਾਲੂ ਤਿਮਾਹੀ ਦੌਰਾਨ ਘੱਟ ਕੇ 4.5 ਫੀਸਦੀ ਰਹਿ ਗਈ ਹੈ। ਫੈਕਟਰੀਆਂ ਵਿਚ ਕੰਮ ਬੰਦ ਹੋਣ ਜਾਂ ਘਟਣ ਕਾਰਨ ਕਰੋੜਾਂ ਚੀਨੀ ਲੋਕ ਵਿਹਲੇ ਹੋ ਗਏ ਹਨ। ਚੀਨ ਦੀ ਡਿੱਗ ਰਹੀ ਆਰਥਿਕ ਹਾਲਤ ਦਾ ਬਾਹਰਲੇ ਮੁਲਕਾਂ ‘ਤੇ ਵੀ ਅਸਰ ਪੈਣਾ ਕੁਦਰਤੀ ਹੈ। ਭਾਵੇਂ ਇਸ ਝੱਟਕੇ ਨਾਲ ਵੱਖ-ਵੱਖ ਦੇਸ਼ਾਂ ਦੀ ਆਰਥਿਕ ਹਾਲਤ ਦੇ ਅਸਰ ਦੀ ਫੌਰੀ ਮਿਣਤੀ ਕਰਨਾ ਤਾਂ ਔਖਾ ਕੰਮ ਹੈ ਜਾਂ ਇਹ ਕਹਿ ਲਈਏ ਕਿ ਇਸ ਦੇ ਪ੍ਰਭਾਵਾਂ ਕਾਰਨ ਪੈਣ ਵਾਲੇ ਵਿੱਤੀ ਅਸਰ ਦਾ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਪਤਾ ਲੱਗ ਸਕੇ। ਆਰਥਿਕ ਮਾਹਰਾਂ ਅਨੁਸਾਰ ਚੀਨੀ ਆਰਥਿਕਤਾ ਨੂੰ ਲੱਗੇ ਵਿਆਪਕ ਖੋਰੇ ਦਾ ਜਾਪਾਨ, ਦੱਖਣੀ ਕੋਰੀਆ, ਯੂਰਪੀਅਨ ਮੁਲਕਾਂ ਅਤੇ ਇੱਥੋਂ ਤੱਕ ਕਿ ਅਮਰੀਕੀ ਆਰਥਿਕਤਾ ਉਪਰ ਵੀ ਗਹਿਰਾ ਅਸਰ ਪੈਣ ਦੀਆਂ ਸੰਭਾਵਨਾਵਾਂ ਹਨ। 
ਚੀਨ ਦੇ ਰੱਜੇ-ਪੁੱਜੇ ਲੋਕ ਇਸ ਵੇਲੇ ਵਪਾਰ ਅਤੇ ਹੋਰ ਕਾਰੋਬਾਰਾਂ ਲਈ ਵਿਕਸਿਤ ਮੁਲਕਾਂ ਵੱਲ ਵੀ ਜਾ ਰਹੇ ਹਨ। ਬਹੁਤ ਵੱਡੀ ਗਿਣਤੀ ਵਿਚ ਚੀਨੀ ਸਟੂਡੈਂਟਸ ਬਾਹਰਲੇ ਮੁਲਕਾਂ ਨੂੰ ਪੜ੍ਹਨ ਲਈ ਜਾਂਦੇ ਹਨ। ਪਰ ਲੱਗਦਾ ਹੈ ਕਿ ਇਸ ਮੰਦਵਾੜੇ ਕਾਰਨ ਉਨ੍ਹਾਂ ਦੇ ਜਾਣ ‘ਚ ਵੀ ਮੁਸ਼ਕਲਾਂ ਆਉਣਗੀਆਂ ਅਤੇ ਉਨ੍ਹਾਂ ਦੀ ਗਿਣਤੀ ਸੀਮਤ ਹੋਵੇਗੀ। ਕਈ ਸਾਲਾਂ ਤੋਂ ਪੂਰਾ ਸੰਸਾਰ ਆਰਥਿਕ ਮੰਦੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਚੀਨ ਇਕ ਅਜਿਹਾ ਮੁਲਕ ਸੀ, ਜਿਸ ਦੀ ਆਰਥਿਕਤਾ ਵਿਚ ਇਸ ਮੰਦੀ ਦਾ ਕੋਈ ਬਹੁਤਾ ਦੁਰਪ੍ਰਭਾਵ ਨਹੀਂ ਸੀ ਨਜ਼ਰ ਆ ਰਿਹਾ। ਪਰ ਕੋਰੋਨਾਵਾਇਰਸ ਦੇ ਅਮਲੇ ਨਾਲ ਚੀਨੀ ਆਰਥਿਕਤਾ ਇਕ ਵਾਰ ਬੁਰੀ ਤਰ੍ਹਾਂ ਝੰਜੋੜੀ ਗਈ ਹੈ। ਇਸ ਦਾ ਅਸਰ ਕੁਦਰਤੀ ਤੌਰ ‘ਤੇ ਵੱਖ-ਵੱਖ ਮੁਲਕਾਂ ਉਪਰ ਪੈਣਾ ਵੀ ਸੁਭਾਵਕ ਹੈ। ਚੀਨ ਤੋਂ ਬਣਿਆ ਸਾਮਾਨ ਬਾਹਰਲੇ ਮੁਲਕਾਂ ਨੂੰ ਜਾਣ ‘ਚ ਕਮੀ ਕਾਰਨ ਉਥੇ ਮਹਿੰਗਾਈ ਦਰ ਵਿਚ ਵਾਧਾ ਹੋ ਸਕਦਾ ਹੈ। ਖਾਸ ਕਰਕੇ ਭਾਰਤ ਨੂੰ ਅਜਿਹੇ ਸੰਕਟ ਦਾ ਵਧੇਰੇ ਸਾਹਮਣਾ ਕਰਨਾ ਪੈ ਸਕਦਾ ਹੈ। ਚੀਨ ‘ਚ ਬਣਿਆ ਹਰ ਤਰ੍ਹਾਂ ਦਾ ਸਾਮਾਨ ਇਸ ਵੇਲੇ ਭਾਰਤ ਦੀ ਮੰਡੀ ਵਿਚ ਵੱਡੀ ਥਾਂ ਬਣਾਈ ਬੈਠਾ ਹੈ। ਪਰ ਹੁਣ ਇਸ ਦੇ ਇਕਦਮ ਘਟਣ ਨਾਲ ਮੰਡੀ ਸੁੰਗੜਨ ਦਾ ਖਦਸ਼ਾ ਖੜ੍ਹਾ ਹੋ ਰਿਹਾ ਹੈ। 
ਦੁਨੀਆਂ ਭਰ ਦੀਆਂ ਵੱਡੀਆਂ ਵਪਾਰਕ ਕੰਪਨੀਆਂ ਨੇ ਵੀ ਕੋਰੋਨਾਵਾਇਰਸ ਦੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਜਾਂਚਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਗੱਲ ਹਰ ਕੋਈ ਜਾਣਦਾ ਹੈ ਕਿ ਵੱਡੀਆਂ-ਵੱਡੀਆਂ ਸਾਫਟਵੇਅਰ ਕੰਪਨੀਆਂ ਅਤੇ ਹੋਰ ਅਦਾਰਿਆਂ ਨੇ ਚੀਨ ਵਿਚ ਆਪਣੇ ਭੰਡਾਰ ਕਾਇਮ ਕਰ ਲਏ ਸਨ। ਇਹ ਕੰਪਨੀਆਂ ਹੁਣ ਇਸ ਪੱਖੋਂ ਸ਼ਸ਼ੋਪੰਜ ਵਿਚ ਹਨ ਕਿ ਚੀਨ ਵਿਚ ਪਹਿਲਾਂ ਵਰਗੇ ਹਾਲਾਤ ਇਕਦਮ ਉਭਰਨ ਆਉਣਗੇ ਜਾਂ ਫਿਰ ਕੁੱਝ ਸਮਾਂ ਮੁੜ ਆਰਥਿਕ ਉਸਾਰੀ ਲਈ ਸੰਘਰਸ਼ ਵਿਚ ਲੱਗੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਯੂ.ਐੱਸ.ਏ. ਅਤੇ ਯੂਰਪ ਦੀ ਚੀਨ ਉਪਰ ਨਿਰਭਰਤਾ ਬੇਹੱਦ ਵੱਧ ਗਈ ਸੀ। ਇੱਥੋਂ ਤੱਕ ਕਿ ਯੂ.ਐੱਸ.ਏ. ਵਿਚ ਘਰਾਂ ਦੀ ਉਸਾਰੀ ਲਈ ਲਾਈਟਿੰਗ ਪਾਰਟਸ ਚੀਨ ਤੋਂ ਹੀ ਮੰਗਵਾਏ ਜਾਂਦੇ ਹਨ। ਹੁਣ ਅਜਿਹੇ ਸਾਮਾਨ ਦੇ ਆਉਣ ‘ਚ ਕੁੱਝ ਸਮੇਂ ਲਈ ਦੇਰੀ ਹੋ ਸਕਦੀ ਹੈ। ਇਸ ਦਾ ਸਿੱਧਾ ਪ੍ਰਭਾਵ ਯੂਰਪ ਅਤੇ ਯੂ.ਐੱਸ.ਏ. ਦੇ ਕੰਸਟਰਕਸ਼ਨ ਵਰਕ ਉਪਰ ਪੈਣ ਦੇ ਆਸਾਰ ਬਣ ਗਏ ਹਨ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਦੁਨੀਆਂ ਦੇ ਹਰ ਖੇਤਰ ਵਿਚ ਚੀਨ ਦੇ ਉਤਪਾਦਨ ਨੇ ਬੜੀ ਡੂੰਘੀ ਪਕੜ ਬਣਾ ਲਈ ਸੀ ਤੇ ਹੁਣ ਚੀਨ ‘ਚ ਆਇਆ ਇਹ ਸੰਕਟ ਮੋੜਵੇਂ ਰੂਪ ਵਿਚ ਗਲੋਬਲ ਆਰਥਿਕਤਾ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰੇਗਾ ਅਤੇ ਚੱਲ ਰਹੀ ਮੰਦੀ ਦੇ ਦੌਰ ਨੂੰ ਹੋਰ ਲਮਕਾ ਸਕਦੀ ਹੈ ਅਤੇ ਇਸ ਮੰਦਵਾੜੇ ਦੇ ਆਕਾਰ ਨੂੰ ਵੀ ਵਧਾ ਸਕਦਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵੱਧ ਜਾਂ ਘੱਟ ਰੂਪ ਵਿਚ ਕੋਰੋਨਾਵਾਇਰਸ ਦੇ ਝਟਕੇ ਦਾ ਸੇਕ ਹਰ ਮੁਲਕ ਨੂੰ ਝੱਲਣਾ ਹੀ ਪਵੇਗਾ।