ਕੀ ਕਿਸਾਨ ਅੰਦੋਲਨ ’ਚੋਂ ਉਭਰੇਗੀ ਨਵੀਂ ਖੇਤਰੀ ਪਾਰਟੀ?

518
Share

-ਕਿਸੇ ਵੀ ਸਿਆਸੀ ਪਾਰਟੀ ਨੂੰ ਕਿਸਾਨਾਂ ਨੇ ਆਪਣੇ ਅੰਦੋਲਨ ਦਾ ਹਿੱਸਾ ਨਹੀਂ ਬਣਨ ਦਿੱਤਾ
-ਅੰਦੋਲਨ ’ਚੋਂ ਉਭਰੀ ਨਵੀਂ ਪਾਰਟੀ ਲਿਆ ਸਕਦੀ ਹੈ ਪੰਜਾਬ ਦੇ ਸਿਆਸੀ ਸਮੀਕਰਨ ਤੇ ਸੱਭਿਆਚਾਰ ਦੀ ਨਵੀਂ ਚੇਤਨਾ
ਰਾਜਾਸਾਂਸੀ, 28 ਦਸੰਬਰ (ਪੰਜਾਬ ਮੇਲ)- ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਖੜਾ ਹੋਇਆ ਕਿਸਾਨੀ ਅੰਦੋਲਨ, ਜੋ ਕਿ ਹੁਣ ਲੋਕ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ, ਕੀ ਪੰਜਾਬ ਦੇ ਸਿਆਸੀ ਦਿ੍ਰਸ਼ ਅਤੇ ਪ੍ਰਬੰਧਕੀ ਢਾਂਚੇ ਨੂੰ ਬਦਲਣ ਦੇ ਸਮਰੱਥ ਹੋਵੇਗਾ ਜਾਂ ਅੰਦੋਲਨ ਤੋਂ ਬਾਅਦ ਲੋਕ ਆਪੋ-ਆਪਣੀਆਂ ਰਵਾਇਤੀ ਪਾਰਟੀਆਂ ’ਚ ਰਲ ਜਾਣਗੇ? ਬਾਕੀ ਰਵਾਇਤੀ ਸਿਆਸੀ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਹੋਰ ਪਾਰਟੀਆਂ ਤੋਂ ਵੀ ਲੋਕ ਦੁਖੀ ਹਨ ਅਤੇ ਫ਼ਿਰ ਆਮ ਆਦਮੀ ਪਾਰਟੀ ਤੋਂ ਆਸ ਦੀ ਕਿਰਨ ਦਿਖਾਈ ਦਿੱਤੀ, ਜੋ ਕਿ ਉਹ ਵੀ ਆਪਸੀ ਲੜਾਈਆਂ ਅਤੇ ਦੂਸ਼ਣਬਾਜ਼ੀਆਂ ਕਰ ਕੇ ਪੰਜਾਬੀਆਂ ਦੇ ਮਨਾ ਤੋਂ ਉਤਰ ਗਈ। ਇਸ ਕਾਰਣ ਹਰੇਕ ਵਰਗ ਦਾ ਗੁੱਸਾ ਇਨ੍ਹਾਂ ਸਿਆਸੀ ਪਾਰਟੀਆਂ ਖ਼ਿਲਾਫ਼ ਜਵਾਲਾਮੁਖੀ ਦਾ ਰੂਪ ਧਾਰਨ ਕਰ ਗਿਆ, ਜੋ ਕਿਸਾਨੀ ਅੰਦੋਲਨ ਦੇ ਰੂਪ ’ਚ ਫ਼ਟਿਆ ਹੈ।
ਇਸੇ ਲਈ ਤਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਕਿਸਾਨਾਂ ਨੇ ਆਪਣੇ ਅੰਦੋਲਨ ਦਾ ਹਿੱਸਾ ਨਹੀਂ ਬਣਨ ਦਿੱਤਾ। ਕੀ ਕਿਸਾਨ ਅੰਦੋਲਨ ’ਚੋਂ ਖੇਤਰੀ ਪਾਰਟੀ ਉਭਰਨ ਦੇ ਅਸਾਰ ਹਨ? ਕਿਉਂਕਿ ਸਿਆਸੀ ਪਾਰਟੀਆਂ ਅੰਦੋਲਨਾਂ ’ਚੋਂ ਹੀ ਪੈਦਾ ਹੋਈਆਂ ਹਨ ਅਤੇ ਅੰਦੋਲਨਾ ’ਚੋਂ ਹੀ ਨਵੀਂ ਵਿਚਾਰਧਾਰਾ ਜਨਮ ਲੈਂਦੀ ਹੈ। ਜਿਵੇਂ ਆਜ਼ਾਦੀ ਦੀ ਲਹਿਰ ’ਚੋਂ ਕਾਂਗਰਸ ਪਾਰਟੀ ਅਤੇ ਹੋਰ ਅੰਦੋਲਨਾਂ ’ਚੋਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਜਨਮ ਹੋਇਆ। ਆਮ ਆਦਮੀ ਪਾਰਟੀ ਵੀ ਅੰਨਾ ਹਜ਼ਾਰੇ ਦੇ ਅੰਦੋਲਨ ’ਚੋਂ ਪੈਦਾ ਹੋਈ ਹੈ। ਜੇਕਰ ਇਸੇ ਤਰ੍ਹਾਂ ਕਿਸਾਨੀ ਅੰਦੋਲਨ ’ਚੋਂ ਕੋਈ ਸਿਆਸੀ ਪਾਰਟੀ ਉਭਰ ਕੇ ਸਾਹਮਣੇ ਆਉਂਦੀ ਹੈ, ਤਾਂ ਪੰਜਾਬ ਦੇ ਸਿਆਸੀ ਸਮੀਕਰਨ ਅਤੇ ਸੱਭਿਆਚਾਰ ਦੀ ਨਵੀਂ ਚੇਤਨਾ ਆਵੇਗੀ।
ਵਿਸ਼ਵ ਪੱਧਰ ’ਤੇ ਕਾਰਪੋਰੇਟ ਘਰਾਣਿਆਂ ਦਾ ਅਸਰ-ਰਸੂਖ ਇੰਨਾ ਵਧ ਗਿਆ ਹੈ ਕਿ ਛੋਟੇ ਕਾਰੋਬਾਰੀਆਂ ਅਤੇ ਨੌਕਰੀਆਂ ਨੂੰ ਵੀ ਖ਼ਤਰਾ ਦਿਖਾਈ ਦੇਣ ਲੱਗਾ। ਹੁਣ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਖ਼ਦਸ਼ੇ ਸਾਹਮਣੇ ਆ ਰਹੇ ਹਨ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਆਦਿ ਵਰਗ ਨਾਲ ਕੋਈ ਵੀ ਧਿਰ ਖੜ੍ਹੀ ਦਿਖਾਈ ਨਹੀਂ ਦਿੱਤੀ, ਜਿਸ ਕਾਰਣ ਡਿਗਦਾ ਜਨਜੀਵਨ ਪੱਧਰ ਦੇਖ ਕੇ ਲੋਕਾਂ ਦੇ ਮਨਾਂ ’ਚ ਸਿਆਸੀ ਵਿਰੋਧਤਾ ਪੈਦਾ ਹੋਈ ਅਤੇ ਸਿਸਟਮ ਤੋਂ ਸਤਾਏ ਲੋਕਾਂ ਨੂੰ ਅੰਦੋਲਨ ਨੇ ਜ਼ੁਬਾਨ ਦਿੱਤੀ, ਜਿਸ ਕਾਰਣ ਇਹ ਅੰਦੋਲਨ ਲੋਕ-ਅੰਦੋਲਨ ਦਾ ਰੂਪ ਧਾਰਨ ਕਰ ਗਿਆ।
ਜੇ ਪਿਛਲੇ ਸਮੇਂ ਵੱਲ ਪੰਛੀ ਝਾਤ ਮਾਰੀਏ ਤਾਂ ਸਿਆਸੀ ਪਾਰਟੀਆਂ ਦੇ ਲੀਡਰ ਪੀੜੀ ਦਰ ਪੀੜੀ ਹੀ ਰਾਜਿਆਂ ਵਾਂਗ ਸਿਆਸਤ ’ਤੇ ਕਾਬਜ਼ ਹਨ ਅਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਢਾਲ ਬਣਾ ਕੇ ਸਿਆਸੀ ਰੋਟੀਆਂ ਸੇਕ ਕੇ ਸੱਤਾ ਦੀ ਭੁੱਖ ਪੂਰੀ ਕਰਦੇ ਰਹੇ ਹਨ। ਜੇਕਰ ਇਹ ਅੰਦੋਲਨ ਜਿੱਤ ਜਾਂਦਾ ਹੈ, ਤਾਂ ਜਨਜੀਵਨ ਦੇ ਧਰਾਤਲ ’ਤੇ ਕੋਈ ਵੱਡਾ ਅਸਰ ਪਵੇਗਾ? ਸਿਆਸੀ ਪਰਿਵਰਤਨ ਹੋਣਗੇ? ਕੀ ਕਈ ਦਹਾਕਿਆਂ ਤੋਂ ਇਨ੍ਹਾਂ ਸਿਆਸੀ ਲੀਡਰਾਂ ਦੇ ਹੱਥਾਂ ਦੀ ਕਠਪੁਤਲੀ ਬਣੇ ਲੋਕ ਆਪਣੇ ਫ਼ੈਸਲੇ ਆਪ ਲੈ ਸਕਣਗੇ? ਇਹੋ ਜਿਹੇ ਕੀ ਸਵਾਲ ਇਸ ਅੰਦੋਲਨ ਦੌਰਾਨ ਨਿਕਲ ਕੇ ਸਾਹਮਣੇ ਆ ਰਹੇ ਹਨ। ਜੇਕਰ ਇਹ ਕਿਸਾਨ ਅੰਦੋਲਣ ਵੱਡੀ ਤਬਦੀਲੀ ਕਰਨ ’ਚ ਸਫਲ ਹੁੰਦਾ ਹੈ, ਤਾਂ ਇਤਿਹਾਸ ਰਚਿਆ ਜਾਵੇਗਾ ਜਾਂ ਇਹ ਸਿਆਸੀ ਲੀਡਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦਾ ਸਿਹਰਾ ਆਪਣੀ-ਆਪਣੀ ਪਾਰਟੀ ਦੇ ਸਿਰ ਬੰਨ੍ਹਣਗੇ।

Share