ਕਿਸੇ ਨੂੰ ਵੀ ਹਿੰਸਾ ਲਈ ਨਹੀਂ ਉਕਸਾਇਆ: ਦੀਪ ਸਿੱਧੂ

145
Share

ਨਵੀਂ ਦਿੱਲੀ, 9 ਅਪ੍ਰੈਲ (ਪੰਜਾਬ ਮੇਲ)-  ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਸਿਲਸਿਲੇ ’ਚ ਮੁਲਜ਼ਮ ਦੀਪ ਸਿੱਧੂ ਨੇ ਅੱਜ ਦਿੱਲੀ ਦੀ ਇੱਕ ਅਦਾਲਤ ’ਚ ਕਿਹਾ ਕਿ ਉਸ ਨੇ ਹਿੰਸਾ ਲਈ ਕਿਸੇ ਨੂੰ ਨਹੀਂ ਉਕਸਾਇਆ। ਉਹ ਵਿਰੋਧ ਕਰਨ ਲਈ ਸਿਰਫ਼ ਆਪਣੇ ‘ਬੁਨਿਆਦੀ ਹੱਕ’ ਦੀ ਵਰਤੋਂ ਕਰ ਰਿਹਾ ਸੀ। ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ‘ਟਰੈਕਟਰ ਪਰੇਡ’ ਦੌਰਾਨ ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ’ਚ ਅਦਾਕਾਰ ਤੇ ਕਾਰਕੁਨ ਦੀਪ ਸਿੱਧੂ ਨੂੰ ਨੌਂ ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਵਕੀਲ ਨੇ ਵਿਸ਼ੇਸ਼ ਜੱਜ ਨੀਲੋਫਰ ਆਬਿਦਾ ਪਰਵੀਨ ਨੂੰ ਦੱਸਿਆ ਕਿ ਸਿੱਧੂ ਭੀੜ ਨੂੰ ਸ਼ਾਂਤ ਕਰਨ ’ਚ ਪੁਲੀਸ ਦੀ ਮਦਦ ਕਰ ਰਿਹਾ ਸੀ ਅਤੇ ਲੋਕਾਂ ਨੂੰ ਲਾਲ ਕਿਲ੍ਹੇ ਤੋਂ ਹੇਠਾਂ ਉੱਤਰਨ ਨੂੰ ਕਹਿ ਰਿਹਾ ਸੀ। ਸਿੱਧੂ ਨੇ ਕਿਹਾ, ‘ਸਾਜ਼ਿਸ਼ ਦਾ ਕੋਈ ਸਵਾਲ ਨਹੀਂ ਹੈ। ਮੈਂ ਇੱਕ ਮਸ਼ਹੂਰ ਚਿਹਰਾ ਹਾਂ। ਮੈਂ ਗਲਤ ਸਮੇਂ ’ਤੇ ਗਲਤ ਥਾਂ ’ਤੇ ਸੀ। ਮੈਂ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਲਈ ਉੱਥੇ ਗਿਆ ਸੀ।’ ਉਸ ਨੇ ਕਿਹਾ, ‘ਵਿਰੋਧ ਕਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਇਸ ਲਈ ਮੈਂ ਉੱਥੇ ਸੀ। ਨਾ ਮੈਂ ਹਿੰਸਾ ਕੀਤੀ, ਨਾ ਹੀ ਕਿਸੇ ਨੂੰ ਹਿੰਸਾ ਕਰਨ ਲਈ ਭੜਕਾਇਆ।’

Share