ਕਿਸਾਨ ਹੁਣ ਨਵੀਂ ਰਣਨੀਤੀ ਨਾਲ ਘੇਰਨਗੇ ਸਰਕਾਰ

157
Share

ਨਵੀਂ ਦਿੱਲੀ, 2 ਫਰਵਰੀ (ਪੰਜਾਬ ਮੇਲ)- ਕਿਸਾਨਾਂ ਦੇ ਜੋਸ਼ ਨੂੰ ਵੇਖਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਮੁੜ ਸੰਘਰਸ਼ ਤੇਜ਼ ਕਰ ਦਿੱਤਾ ਹੈ। ਇਸ ਵਾਰ ਅੰਦੋਲਨ ਨੂੰ ਦਿੱਲੀ ਦੀਆਂ ਹੱਦਾਂ ਦੇ ਨਾਲ ਹੀ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣ ਦੀ ਰਣਨੀਤੀ ਬਣਾਈ ਹੈ। ਇਸ ਤਹਿਤ 6 ਫਰਵਰੀ ਨੂੰ ਦੇਸ਼ ਭਰ ਵਿੱਚ ਦੁਪਹਿਰ 12 ਤੋਂ ਲੈ ਕੇ 3 ਵਜੇ ਤੱਕ ਕੌਮੀ ਮਾਰਗਾਂ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ।

ਦਰਅਸਲ 26 ਜਨਵਰੀ ਦੀ ਘਟਨਾ ਤੋਂ ਬਾਅਦ ਸਰਕਾਰ ਕਿਸਾਨ ਸੰਘਰਸ਼ ਪ੍ਰਤੀ ਕਾਫੀ ਸਖਤੀ ਵਰਤ ਰਹੀ ਹੈ। ਕਿਸਾਨ ਲੀਡਰ ਇਸ ਸਖਤੀ ਖਿਲਾਫ ਪੂਰੇ ਦੇਸ਼ ਵਿੱਚ ਲਹਿਰ ਖੜ੍ਹੀ ਕਰਨੀ ਚਾਹੁਦੇ ਹਨ। ਹੁਣ ਤੱਕ ਇਸ ਨੂੰ ਕਿਸਾਨੀ ਅੰਦੋਲਨ ਵਜੋਂ ਵੇਖਿਆ ਜਾ ਰਿਹਾ ਸੀ, 26 ਜਨਵਰੀ ਮਗਰੋਂ ਬਣੇ ਹਾਲਾਤ ਕਰਕੇ ਹੁਣ ਇਸ ਨੂੰ ਜਨ ਅੰਦੋਲਨ ਬਣਾਇਆ ਜਾ ਰਿਹਾ ਹੈ।

ਕਿਸਾਨ ਲੀਡਰਾਂ ਦੀ ਰਣਨੀਤੀ ਹੈ ਕਿ 6 ਫਰਵਰੀ ਨੂੰ ਦੇਸ਼ ਭਰ ਵਿੱਚ ਕੌਮੀ ਮਾਰਗਾਂ ਨੂੰ ਜਾਮ ਕਰਨ ਨਾਲ ਆਮ ਲੋਕ ਵੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਇਸ ਸੱਦੇ ਉੱਪਰ ਪੂਰੇ ਦੇਸ਼ ਵਿੱਚ ਸੰਘਰਸ਼ ਫੈਲਾਇਆ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਕਿਸਾਨ ਹੋਰ ਦੇਸ਼ਵਿਆਪੀ ਐਕਸ਼ਨਾਂ ਦਾ ਐਲਾਨ ਕਰਨਗੇ।

ਦੂਜੇ ਪਾਸੇ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਹਰਿਆਣਾ ਤੇ ਯੂਪੀ ਵਿੱਚ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਉੱਤਰਾਖੰਡ ਤੇ ਰਾਜਸਥਾਨ ਵਿੱਚ ਵੀ ਸੰਘਰਸ਼ ਤੇਜ਼ ਹੋ ਸਕਦਾ ਹੈ। ਕਿਸਾਨਾਂ ਦੀ ਰਣਨੀਤੀ ਹੈ ਕਿ ਅੰਦੋਲਨ ਹੁਣ ਦਿੱਲੀ ਦੀਆਂ ਹੱਦਾਂ ‘ਤੇ ਲੜਨ ਦੀ ਬਜਾਏ ਦੇਸ਼ ਦੇ ਹਰ ਕੋਨੇ ਤੋਂ ਲੜਿਆ ਜਾਵੇ। ਇਸ ਨਾਲ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਸਰਕਾਰ ਅੰਦੋਲਨ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤ ਰਹੀ ਹੈ। ਦਿੱਲੀ ਪੁਲਿਸ ਟਰੈਕਟਰ ਰੈਲੀ ਦੌਰਾਨ ਜ਼ਬਤ ਕੀਤੇ ਗਏ ਟਰੈਕਟਰਾਂ ਤੇ ਹੋਰ ਵਾਹਨਾਂ ਬਾਰੇ ਨਹੀਂ ਦੱਸ ਰਹੀ। ਡਾ. ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਮੇਲ ਦਾ ਰੂਟ ਤਾਂ ਬਦਲਿਆ ਹੀ ਗਿਆ, ਨਾਲ ਹੀ ਦੋ ਰੇਲ ਗੱਡੀਆਂ ਰੋਹਤਕ ਤੱਕ ਹੀ ਸਮਾਪਤ ਕਰ ਦਿੱਤੀਆਂ ਗਈਆਂ ਜਿਸ ਕਾਰਨ ਹਜ਼ਾਰਾਂ ਕਿਸਾਨਾਂ ਨੂੰ ਮੋਰਚਿਆਂ ਉਪਰ ਜਾਣਾ ਔਖਾ ਹੋਇਆ। ਉਨ੍ਹਾਂ ਕਿਹਾ ਕਿ ਜੋ ਮਾਹੌਲ ਸਰਕਾਰ ਵੱਲੋਂ ਰੋਕਾਂ ਲਾ ਕੇ ਬਣਾਇਆ ਗਿਆ ਹੈ, ਉਹ ਤਾਂ ਦੁਸ਼ਮਣ ਮੁਲਕ ਵੀ ਨਹੀਂ ਬਣਾਉਂਦੇ।


Share