ਕਿਸਾਨ ਸੰਘਰਸ਼ ਨੇ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਮੁਫ਼ਤ

593

ਲੁਧਿਆਣਾ, 9 ਅਕਤੂਬਰ (ਮੇਜਰ ਸਿੰਘ/ਪੰਜਾਬ ਮੇਲ)- ਜਲੰਧਰ, ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ ਵਿਚ ਇਸ ਵੇਲੇ ਸਾਰੇ ਟੋਲ ਪਲਾਜ਼ਿਆਂ ਉੱਪਰ ਕਿਸਾਨਾਂ ਨੇ ਧਰਨੇ ਦਿੱਤੇ ਹੋਏ ਹਨ ਤੇ ਟੋਲ ਪਲਾਜ਼ਿਆਂ ਦਾ ਕੰਮ ਬੰਦ ਕਰਵਾ ਕੇ ਟ੍ਰੈਫ਼ਿਕ ਦੀ ਆਵਾਜਾਈ ਮੁਫ਼ਤ ਕਰ ਦਿੱਤੀ ਹੈ | ਪੰਜਾਬ ਦੀਆਂ ਸੜਕਾਂ ਉੱਪਰ ਇਸ ਵੇਲੇ ਕੁੱਲ 18 ਕੌਮੀ ਟੋਲ ਪਲਾਜ਼ੇ ਹਨ ਜਦਕਿ 23 ਟੋਲ ਪਲਾਜ਼ੇ ਸੂਬਾ ਸਰਕਾਰ ਵਲੋਂ ਚਲਾਏ ਜਾ ਰਹੇ ਹਨ | ਸਰਕਾਰੀ ਸੂਤਰਾਂ ਅਨੁਸਾਰ ਕੌਮੀ ਟੋਲ ਪਲਾਜ਼ਿਆਂ ਤੋਂ ਹਰ ਰੋਜ਼ ਡੇਢ ਤੋਂ ਪੌਣੇ ਦੋ ਕਰੋੜ ਰੁਪਏ ਦੇ ਕਰੀਬ ਉਗਰਾਹੀ ਹੁੰਦੀ ਆਈ ਹੈ ਤੇ ਸੂਬਾਈ ਟੋਲ ਪਲਾਜ਼ਿਆਂ ਤੋਂ ਉਗਰਾਹੀ 80 ਲੱਖ ਰੁਪਏ ਦੇ ਕਰੀਬ ਹੁੰਦੀ ਸੀ | ਮਾਲਵਾ ਤੇ ਮਾਝਾ ਖੇਤਰ ਦੇ ਬਹੁਤੇ ਟੋਲ ਪਲਾਜ਼ੇ ਪਿਛਲੇ ਕਰੀਬ ਹਫ਼ਤੇ ਤੋਂ ਹੀ ਕਿਸਾਨਾਂ ਨੇ ਟੋਲ ਫ੍ਰੀ ਕੀਤੇ ਹੋਏ ਹਨ | ਪੰਜਾਬ ਦੇ ਸਭ ਤੋਂ ਵੱਡੇ ਲਾਢੋਵਾਲ (ਨੇੜੇ ਫਿਲੌਰ) ਟੋਲ ਪਲਾਜ਼ੇ ਤੋਂ ਰੋਜ਼ਾਨਾ ਉਗਰਾਹੀ 95 ਲੱਖ ਰੁਪਏ ਦੇ ਕਰੀਬ ਹੁੰਦੀ ਹੈ | ਜੰਮੂ-ਕਸ਼ਮੀਰ ਮਾਝਾ ਤੇ ਦੁਆਬੇ ਤੋਂ ਬਾਕੀ ਪੰਜਾਬ ਤੇ ਦਿੱਲੀ ਲਈ ਜਾਣ ਵਾਲਾ ਸਾਰਾ ਟ੍ਰੈਫ਼ਿਕ ਇੱਥੋਂ ਹੀ ਲੰਘਦਾ ਹੈ | ਲਾਢੋਵਾਲ ਟੋਲ ਪਲਾਜ਼ਾ ਬੁੱਧਵਾਰ ਤੋਂ ਹੀ ਬੰਦ ਹੋਇਆ ਹੈ | ਕਿਸਾਨ ਜਥੇਬੰਦੀਆਂ ਦੇ ਵਰਕਰ ਹਰ ਰੋਜ਼ ਟੋਲ ਪਲਾਜ਼ਿਆਂ ਉੱਪਰ ਧਰਨੇ ਦੇ ਰਹੇ ਹਨ ਤੇ ਵਾਹਨਾਂ ਤੋਂ ਫੀਸਾਂ ਦੀ ਉਗਰਾਹੀ ਨਹੀਂ ਕਰਨ ਦੇ ਰਹੇ | ਹਰ ਰੋਜ਼ ਪੰਜਾਬ ਦੇ ਵਾਹਨਾਂ ਤੋਂ ਉਗਰਾਹੇ ਜਾ ਰਹੇ ਕਰੀਬ 3 ਕਰੋੜ ਰੁਪਏ ਦੀ ਬੱਚਤ ਹੋ ਰਹੀ ਹੈ | ਬੀ.ਕੇ.ਯੂ. (ਉਗਰਾਹਾਂ) ਵਲੋਂ ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਦੇ 9 ਟੋਲ ਪਲਾਜ਼ਿਆਂ ਉੱਪਰ ਧਰਨੇ ਦਿੱਤੇ ਜਾ ਰਹੇ ਹਨ |
ਕਿਸਾਨ ਜਥੇਬੰਦੀਆਂ ਵਲੋਂ ਕਾਰਪੋਰੇਟ ਕੰਪਨੀਆਂ ਖਾਸ ਕਰ ਅੰਬਾਨੀ ਤੇ ਅਡਾਨੀ ਦੇ ਕਾਰੋਬਾਰਾਂ ਖ਼ਿਲਾਫ਼ ਕਾਰਵਾਈ ਦੇ ਸੱਦੇ ਉੱਪਰ ਪੂਰੇ ਪੰਜਾਬ ਵਿਚ ਸੌ ਤੋਂ ਵਧੇਰੇ ਰਿਲਾਇੰਸ ਪੰਪਾਂ ਦੀ ਘੇਰਾਬੰਦੀ ਕੀਤੀ ਹੋਈ ਹੈ ਜਦਕਿ ਦਰਜਨਾਂ ਸ਼ਾਪਿੰਗ ਮਾਲ ਵੀ ਧਰਨੇ ਦਿੱਤੇ ਜਾਣ ਕਾਰਨ ਬੰਦ ਕਰਵਾ ਦਿੱਤੇ ਹਨ | ਪੰਜਾਬ ਵਿਚ ਸਥਿਤ ਅਡਾਨੀ ਦਾ ਮੋਗਾ ਜ਼ਿਲ੍ਹੇ ਵਿਚਲਾ ਸਟੀਲ ਗੁਦਾਮ ਡਗਰੂ ਤੇ ਸੰਗਰੂਰ ਜ਼ਿਲ੍ਹੇ ਵਿਚ ਛਾਜਲੀ ਪਿੰਡ ‘ਚ ਬਣਿਆ ਗੁਦਾਮ ਵੀ ਘੇਰਿਆ ਹੋਇਆ | ਬੀ.ਕੇ.ਯੂ. ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮਾਲਵਾ ਖੇਤਰ ‘ਚ 21 ਰਿਲਾਇੰਸ ਪੰਪਾਂ ਉੱਪਰ ਧਰਨੇ ਚੱਲ ਰਹੇ ਸਨ ਤੇ ਤੇਲ ਪੰਪਾਂ ਤੋਂ ਤੇਲ ਦੀ ਵਿਕਰੀ ਬੰਦ ਹੈ | ਇਸੇ ਤਰ੍ਹਾਂ ਥਰਮਲ ਪਲਾਂਟ ਵੱਟਾਂਵਾਲੀ (ਤਲਵੰਡੀ ਸਾਬੋ) ਅੱਗੇ ਵੀ ਲਗਾਤਾਰ ਧਰਨਾ ਚੱਲ ਰਿਹਾ ਹੈ | ਇਸੇ ਤਰ੍ਹਾਂ ਏਸਾਰ ਕੰਪਨੀ ਦੇ 6 ਤੇਲ ਪੰਪਾਂ ਅੱਗੇ ਧਰਨੇ ਚੱਲ ਰਹੇ ਹਨ |