ਕਿਸਾਨ ਸੰਘਰਸ਼ ਸਦਕਾ 500 ਕਰੋੜ ਦਾ ਟੌਲ ਟੈਕਸ ਤਾਰਨੋਂ ਬਚੇ ਪੰਜਾਬੀ

425
Share

ਚੰਡੀਗੜ੍ਹ, 24 ਮਾਰਚ (ਪੰਜਾਬ ਮੇਲ)- ਕਿਸਾਨ ਅੰਦੋਲਨ ਕਾਰਨ ਟੌਲ ਪਲਾਜ਼ੇ ਬੰਦ ਹੋਣ ਸਦਕਾ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਕਰੀਬ 813 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਕਿਸਾਨ ਘੋਲ ਦੌਰਾਨ ਆਮ ਲੋਕਾਂ ਦੀ ਜੇਬ ’ਤੇ ਟੌਲ ਟੈਕਸ ਦਾ ਬੋਝ ਪੈਣ ਤੋਂ ਬਚ ਗਿਆ ਹੈ। ਉਂਝ ਕੇਂਦਰ ਸਰਕਾਰ ਦੀ ਵਿੱਤੀ ਘੇਰਾਬੰਦੀ ਕਾਰਨ ਖ਼ਜ਼ਾਨੇ ਨੂੰ ਰਗੜਾ ਲੱਗਿਆ ਹੈ। ਚੇਤੇ ਰਹੇ ਕਿ ਕਿਸਾਨ ਧਿਰਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਪੰਜਾਬ ਤੇ ਹਰਿਆਣਾ ਵਿਚ ਟੌਲ ਪਲਾਜ਼ੇ ਮੁਕਤ ਕੀਤੇ ਹੋਏ ਹਨ। ਕੌਮੀ ਮਾਰਗਾਂ ’ਤੇ ਪੈਂਦੇ ਟੌਲ ਪਲਾਜ਼ੇ ਹੁਣ ਟੌਲ ਫਰੀ ਹੋਏ ਹਨ। ਕੌਮੀ ਸੜਕ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਕਿਸਾਨ ਘੋਲ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਟੌਲ ਪਲਾਜ਼ੇ ਬੰਦ ਹੋਣ ਕਰਕੇ ਕੇਂਦਰ ਨੂੰ 814.40 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਨ੍ਹਾਂ ਤਿੰਨਾਂ ਸੂਬਿਆਂ ਵਿਚ ਤਿੰਨ ਦਰਜਨ ਟੌਲ ਪਲਾਜ਼ੇ ਕਿਸੇ ਵੀ ਤਰ੍ਹਾਂ ਦੇ ਟੌਲ ਟੈਕਸ ਤੋਂ ਮੁਕਤ ਕੀਤੇ ਹੋਏ ਹਨ। ਪੰਜਾਬ ਵਿਚ ਕੌਮੀ ਸੜਕਾਂ ’ਤੇ ਪੈਂਦੇ 17 ਟੌਲ ਪਲਾਜ਼ੇ ਕਿਸਾਨ ਧਿਰਾਂ ਵੱਲੋਂ ਮੁਕਤ ਕੀਤੇ ਹੋਏ ਹਨ, ਜਿਸ ਨਾਲ ਹੁਣ ਤੱਕ ਪੰਜਾਬ ਦੇ ਆਮ ਲੋਕਾਂ ਨੂੰ 487 ਕਰੋੜ ਦੀ ਰਾਹਤ ਮਿਲੀ ਹੈ। ਇਸ ਤੋਂ ਬਿਨਾਂ ਪੰਜਾਬ ਸਰਕਾਰ ਦੇ 15 ਟੌਲ ਪਲਾਜ਼ੇ ਵੱਖਰੇ ਹਨ।
16 ਮਾਰਚ, 2021 ਤੱਕ ਦੇ ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਵਿਚ 167 ਦਿਨਾਂ ਤੋਂ ਟੌਲ ਪਲਾਜ਼ੇ ਬੰਦ ਹਨ, ਜਿਸ ਦਾ ਭਾਵ ਹੈ ਕਿ ਪ੍ਰਤੀ ਦਿਨ ਔਸਤਨ 2.91 ਕਰੋੜ ਦੇ ਟੌਲ ਟੈਕਸ ਦਾ ਬੋਝ ਲੋਕਾਂ ’ਤੇ ਪੈਣੋਂ ਬਚ ਗਿਆ ਹੈ। ਪੰਜਾਬ ਵਿਚ ਪ੍ਰਤੀ ਮਹੀਨਾ ਔਸਤਨ 90 ਕਰੋੜ ਰੁਪਏ, ਟੌਲ ਟੈਕਸ ਵਜੋਂ ਲੋਕਾਂ ਦੀ ਜੇਬ ਵਿਚੋਂ ਨਿਕਲਣ ਤੋਂ ਬਚ ਰਹੇ ਹਨ। ਹਰਿਆਣਾ ਵਿਚ ਇੱਕ ਦਰਜਨ ਟੌਲ ਪਲਾਜ਼ੇ 12 ਦਸੰਬਰ ਤੋਂ ਮੁਕਤ ਕੀਤੇ ਹੋਏ ਹਨ, ਜਿਸ ਕਰਕੇ ਹਰਿਆਣਾ ਵਿਚ ਹੁਣ ਤੱਕ 326 ਕਰੋੋੜ ਦੇ ਟੌਲ ਟੈਕਸ ਦਾ ਮਾਲੀ ਨੁਕਸਾਨ ਹੋਇਆ ਹੈ ਤੇ ਲੋਕਾਂ ਨੂੰ ਰਾਹਤ ਮਿਲੀ ਹੈ। ਹਰਿਆਣਾ ਵਿਚ ਪ੍ਰਤੀ ਦਿਨ ਔਸਤਨ 3.39 ਕਰੋੜ ਦੇ ਟੌਲ ਕੁਲੈਕਸ਼ਨ ਨੂੰ ਸੱਟ ਵੱਜ ਰਹੀ ਹੈ। ਰਾਜਸਥਾਨ ’ਚ ਸਿਰਫ਼ ਸੱਤ ਟੌਲ ਪਲਾਜ਼ੇ ਮੁਕਤ ਕੀਤੇ ਹੋਏ ਹਨ, ਜਿੱਥੇ ਹੁਣ ਤੱਕ 1.40 ਕਰੋੜ ਦੇ ਟੌਲ ਦਾ ਨੁਕਸਾਨ ਹੋਇਆ ਹੈ। ਕੌਮੀ ਸੜਕ ਅਥਾਰਿਟੀ ਵੱਲੋਂ ਰਾਜ ਸਰਕਾਰਾਂ ਨੂੰ ਪੱਤਰ ਲਿਖੇ ਗਏ ਹਨ ਕਿ ਟੌਲ ਪਲਾਜ਼ੇ ਚਾਲੂ ਕਰਾਏ ਜਾਣ।

Share