ਕਿਸਾਨ ਸੰਘਰਸ਼: ਬੱਸੀ ਪਠਾਣਾਂ ’ਚ ਕਿਸਾਨਾਂ ਨੇ ਰੁਕਵਾਈ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ

477
ਬਸੀ ਪਠਾਣਾਂ 'ਚ ਧਰਨਾ ਦਿੰਦੇ ਹੋਏ ਕਿਸਾਨ।
Share

ਫਤਹਿਗੜ੍ਹ ਸਾਹਿਬ, 11 ਜਨਵਰੀ (ਪੰਜਾਬ ਮੇਲ)- ਬੱਸੀ ਪਠਾਣਾਂ ’ਚ ਕਿਸਾਨਾਂ ਨੇ ਇੱਕ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕਵਾ ਦਿੱਤੀ। ਇਸ ਫ਼ਿਲਮ ਵਿਚ ਅਦਾਕਾਰਾ ਜਾਹਨਵੀ ਕਪੂਰ ਮੁੱਖ ਭੂਮਿਕਾ ਨਿਭਾਉਣ ਜਾ ਰਹੀ ਹੈ। ਇਥੋਂ ਦੀ ਅਗਰਵਾਲ ਧਰਮਸ਼ਾਲਾ ’ਚ ਸ਼ੂਟਿੰਗ ਰੁਕਵਾਉਣ ਆਏ ਕਿਸਾਨ ਮਜ਼ਦੂਰ ਏਕਤਾ ਮਹਾਸੰਘ ਰਿਊਣਾ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੂਟਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਪਰ ਬਾਲੀਵੁੱਡ ਦੇ ਅਦਾਕਾਰਾਂ ਨੂੰ ਵੀ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਲਈ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ। ਜੇ ਅਜਿਹਾ ਨਾ ਹੋਇਆ, ਤਾਂ ਉਹ ਇੱਥੇ ਸ਼ੂਟਿੰਗ ਨਹੀਂ ਕਰਨ ਦੇਣਗੇ। ਇਸ ਦੌਰਾਨ ਕਿਸਾਨਾਂ ਵੱਲੋਂ ਉਥੇ ਧਰਨਾ ਵੀ ਦਿੱਤਾ ਗਿਆ। ਇਸ ਮਗਰੋਂ ਸ਼ੂਟਿੰਗ ਟੀਮ ਦੇ ਇੰਚਾਰਜ ਲਾਲਜੀਤ ਸਿੰਘ ਲਾਲੀ ਅਤੇ ਮਨੀਸ਼ ਵਾਲੀਆ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਕੇਂਦਰ ਸਰਕਾਰ ਤੋਂ ਇਹ ਕਿਸਾਨੀ ਮਸਲਾ ਹੱਲ ਕਰਨ ਦੀ ਵੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਫ਼ਿਲਮ ਨਾਲ ਸਬੰਧਤ ਬਾਲੀਵੁੱਡ ਦੇ ਅਹਿਮ ਲੋਕਾਂ ਨੂੰ ਕਿਸਾਨਾਂ ਦੇ ਹੱਕ ਵਿਚ ਬਿਆਨ ਦੇਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਸੰਤੁਸ਼ਟ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਇੱਥੇ ਸ਼ੂਟਿੰਗ ਨਹੀਂ ਕਰਨਗੇ।
ਕਿਸਾਨ ਜਥੇਬੰਦੀਆਂ ਵੱਲੋਂ ਫਿਲਮ ਦੀ ਸ਼ੂਟਿੰਗ ਰੁਕਵਾਏ ਜਾਣ ਮਗਰੋਂ ਜਾਹਨਵੀ ਕਪੂਰ ਨੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਕਿਸਾਨ ਦੇਸ਼ ਦਾ ਦਿਲ ਹਨ ਅਤੇ ਮੈਨੂੰ ਆਸ ਹੈ ਕਿ ਛੇਤੀ ਹੀ ਕਿਸਾਨਾਂ ਦੇ ਮਸਲੇ ਦਾ ਕੋਈ ਸਾਰਥਕ ਹੱਲ ਨਿਕਲੇਗਾ।’’

Share