ਕਿਸਾਨ ਸੰਘਰਸ਼ ਦੀ ਹਮਾਇਤ ’ਚ ਸ਼ਾਮਲੀ ਵਿਖੇ ਪਾਬੰਦੀਆਂ ਦੇ ਬਾਵਜੂਦ ‘ਮਹਾਪੰਚਾਇਤ’

149
Share

ਨੋਇਡਾ, 5 ਫਰਵਰੀ (ਪੰਜਾਬ ਮੇਲ)- ਪਾਬੰਦੀਆਂ ਦੀ ਪ੍ਰਵਾਹ ਨਾ ਕਰਦਿਆਂ ਅੱਜ ਹਜ਼ਾਰਾਂ ਲੋਕ ਕਿਸਾਨ ਸੰਘਰਸ਼ ਦੀ ਹਮਾਇਤ ’ਚ ਸ਼ਾਮਲੀ ਜ਼ਿਲ੍ਹੇ ਦੇ ਭੈਂਸਵਾਲ ਪਿੰਡ ਵਿੱਚ ਹੋਈ ‘ਮਹਾਪੰਚਾਇਤ’ ਵਿੱਚ ਪਹੁੰਚੇ। ਮਹਾਪੰਚਾਇਤ ਰਾਸ਼ਟਰੀ ਲੋਕ ਦਲ (ਆਰ.ਐੱਲ.ਡੀ.) ਦੀ ਅਗਵਾਈ ਵਿਚ ਹੋਈ ਸੀ। ਸ਼ਾਮਲੀ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸ਼ਮੂਲੀਅਤ ਰੋਕਣ ਲਈ ਧਾਰਾ 144 ਅਤੇ ਹੋਰ ਪਾਬੰਦੀਆਂ ਲਾਈਆਂ ਹੋਈਆਂ ਸਨ। ਇਸ ਦੇ ਬਾਵਜੂਦ ਸ਼ਾਮਲੀ ਜ਼ਿਲ੍ਹੇ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਟਰੈਕਟਰਾਂ, ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਰਾਹੀਂ ਅਤੇ ਪੈਦਲ ਚੱਲ ਕੇ ‘ਕਿਸਾਨ ਪੰਚਾਇਤ’ ਵਿਚ ਪਹੁੰਚੇ। ਉਤਰ ਪ੍ਰਦੇਸ਼ ਵਿਚ ਇਹ ਚੌਥੀ ਸਭ ਤੋਂ ਵੱਡੀ ‘ਮਹਾਪੰਚਾਇਤ’ ਹੈ। ਇਸ ਤੋਂ ਪਹਿਲਾਂ ਮੁਜ਼ੱਫਰਨਗਰ, ਮਥੁਰਾ ਅਤੇ ਬਾਗ਼ਪਤ ਵਿਚ ਮਹਾਪੰਚਾਇਤ ਕੀਤੀ ਜਾ ਚੁੱਕੀ ਹੈ। ਅੱਜ ਦੀ ‘ਕਿਸਾਨ ਪੰਚਾਇਤ’ ਵਿਚ ‘ਖਾਪ ਆਗੂ’, ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਆਰ.ਐੱਲ.ਡੀ. ਦੇ ਮੀਤ ਪ੍ਰਧਾਨ ਜੈਅੰਤ ਚੌਧਰੀ ਅਤੇ ਕੁੱਝ ਹੋਰ ਆਗੂ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।

Share