ਕਿਸਾਨ ਸੰਘਰਸ਼ ਦੀ ਹਮਾਇਤ ’ਚ ਰੀਨੋ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ

225
Share

ਨਵਾਡਾ, 23 ਦਸੰਬਰ (ਪੰਜਾਬ ਮੇਲ)-ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦਾ ਸੇਕ ਹੁਣ ਵਿਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਬਾਰਡਰ ’ਤੇ ਅੱਤ ਦੀ ਠੰਡ ਵਿਚ ਬੈਠੇ ਕਿਸਾਨਾਂ ਦੇ ਹੱਕ ’ਚ ਵਿਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਨਾਲ ਨਵਾਡਾ ਸਟੇਟ ਦੇ ਰੀਨੋ ਸ਼ਹਿਰ ਵਿਖੇ ਵੀ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਲਚਰਲ ਐਂਡ ਸਪੋਰਟਸ ਕਲੱਬ, ਰੀਨੋ ਵੱਲੋਂ ਆਯੋਜਿਤ ਕੀਤੇ ਗਈ ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਬੱਚੇ, ਬੁੱਢੇ, ਨੌਜਵਾਨ, ਔਰਤਾਂ ਨੇ ਵੱਧ-ਚੜ੍ਹ ਕੇ ਇਸ ਰੈਲੀ ਵਿਚ ਹਿੱਸਾ ਲਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਰੱਖੇ। ਆਗੂਆਂ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ’ਚ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਅਪੀਲ ਕੀਤੀ ਤੇ ਦਿੱਲੀ ਬਾਰਡਰ ’ਤੇ ਬੈਠੇ ਕਿਸਾਨਾਂ ਦੀ ਹਮਾਇਤ ਕੀਤੀ ਗਈ। ਇਸ ਦੌਰਾਨ ਇਹ ਵਿਚਾਰ ਵੀ ਪੇਸ਼ ਕੀਤਾ ਗਿਆ ਕਿ ਵਿਦੇਸ਼ਾਂ ਵਿਚ ਰਹਿੰਦੇ ਪਰਿਵਾਰ ਆਪਣੇ ਪਿੰਡਾਂ ਤੋਂ ਜਾ ਰਹੇ ਜੱਥਿਆਂ ਦੀ ਹਮਾਇਤ ਕਰਨ। ਸੰਸਥਾ ਦੇ ਪ੍ਰਧਾਨ ਰਣਬੀਰ ਸਿੰਘ ਛੀਨਾ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਿਸਾਨ ਵਿਰੋਧੀ ਬਿੱਲ ਪੜ੍ਹ ਕੇ ਸੁਣਾਏ।
ਇਸ ਮੌਕੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਆਪਣੇ ਹੱਥਾਂ ਵਿਚ ਬੈਨਰ ਤੇ ਪੋਸਟਰ ਚੁੱਕੇ ਹੋਏ ਸਨ, ਜਿਨ੍ਹਾਂ ਉਪਰ ਕਿਸਾਨਾਂ ਦੇ ਹੱਕ ਵਿਚ ਸਲੋਗਨ ਲਿਖੇ ਹੋਏ ਸਨ। ਆਈਆਂ ਹੋਈਆਂ ਸੰਗਤਾਂ ਨੇ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਵਿਰੁੱਧ ਬਣਾਏ ਗਏ ਕਾਲੇ ਕਾਨੂੰਨ ਜਲਦ ਤੋਂ ਜਲਦ ਵਾਪਸ ਲਏ ਜਾਣ। ਭਾਰੀ ਇਕੱਠ ਤੋਂ ਬਾਅਦ ਆਈਆਂ ਸੰਗਤਾਂ ਨੇ ਇਕ ਰੋਸ ਮਾਰਚ ਵੀ ਕੱਢਿਆ, ਜਿਸ ਦਾ ਰੀਨੋ ਦੇ ਸਥਾਨਕ ਲੋਕਾਂ ਨੇ ਵੀ ਗੱਡੀਆਂ ਦੇ ਹਾਰਨ ਮਾਰ ਕੇ ਹੌਂਸਲਾ ਅਫਜ਼ਾਈ ਕੀਤੀ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਰਣਬੀਰ ਸਿੰਘ ਛੀਨਾ, ਬੱਬੂ ਢਿੱਲੋਂ, ਦਲਜੀਤ ਸਿੰਘ ਬਸਾਂਤੀ, ਗੁਰਿੰਦਰ ਸਿੰਘ ਗੈਰੀ ਬਾਜਵਾ, ਕੇਵਲ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਸ਼ਿਕਾਗੋ ਪੀਜ਼ਾ ਦੇ ਬਿਸ਼ਨ ਸਿੰਘ ਵੱਲੋਂ ਪੀਜ਼ੇ ਦਾ ਲੰਗਰ ਲਗਾਇਆ ਗਿਆ। ਦਲਜੀਤ ਸਿੰਘ ਬਸਾਂਤੀ ਵੱਲੋਂ ਪੋਰਟ ਆਫ ਸਬ ਦਾ ਲੰਗਰ ਲਗਾਇਆ ਗਿਆ।


Share