ਕਿਸਾਨ ਸੰਘਰਸ਼ : ਕਿਸਾਨ ਨੇਤਾਵਾਂ ਦੇ ਵਾਰਿਸ ਦੇ ਤੌਰ ’ਤੇ ਤਿਆਰ ਹੋ ਰਹੀ ਨਵੀਂ ਪੀੜ੍ਹੀ

492
Share

ਸਿੰਘੂ/ਟਿਕਰੀ ਬਾਰਡਰ, 16 ਜਨਵਰੀ (ਪੰਜਾਬ ਮੇਲ)-ਦਿੱਲੀ ਦੀ ਹੱਦ ’ਤੇ 50 ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਨੌਜਵਾਨਾਂ ਦੇ ਉਤਸ਼ਾਹ ਨੇ ਇਕ ਨਵੇਂ ਮੁਕਾਮ ਤੱਕ ਪਹੁੰਚਾ ਦਿੱਤਾ ਹੈ। ਪੰਜਾਬ-ਹਰਿਆਣਾ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਜਦੋਂ ਦਿੱਲੀ ਵੱਲ ਕੂਚ ਕੀਤਾ ਸੀ ਤਾਂ ਨੌਜਵਾਨ ਵਰਗ ਨੇ ਰਸਤੇ ਦੀਆਂ ਰੋਕਾਂ ਨੂੰ ਆਪਣੇ ਦਮ-ਖਮ ਨਾਲ ਹਟਾਉਂਦੇ ਹੋਏ ਉਨ੍ਹਾਂ ਦਾ ਰਾਹ ਆਸਾਨ ਬਣਾਇਆ ਸੀ। ਹੁਣ ਵੀ ਦਿੱਲੀ ਦੇ ਹਰਿਆਣਾ ਨਾਲ ਲੱਗਦੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਨੌਜਵਾਨ ਦਿਨ-ਰਾਤ ਬਜ਼ੁਰਗ ਕਿਸਾਨ ਨੇਤਾਵਾਂ ਦੀ ਅਗਵਾਈ ਵਿਚ ਅੰਦੋਲਨ ਵਿਚ ਯੋਗਦਾਨ ਪਾ ਰਹੇ ਹਨ।

ਖਾਸ ਗੱਲ ਇਹ ਹੈ ਕਿ ਇਹ ਸਾਰੇ ਨੌਜਵਾਨ ਕਿਸਾਨ ਪਰਿਵਾਰਾਂ ਨਾਲ ਸਬੰਧ ਨਹੀਂ ਰੱਖਦੇ। ਕਰੀਬ ਅੱਧੇ ਨੌਜਵਾਨ ਮੁੰਡੇ-ਕੁੜੀਅਂ ਅਜਿਹੇ ਹਨ, ਜੋ ਵੱਖ-ਵੱਖ ਕਾਰਜ ਖੇਤਰ (ਪ੍ਰੋਫੈਸ਼ਨ) ਤੋਂ ਹਨ। ਡਾਕਟਰ, ਇੰਜੀਨੀਅਰ, ਐਡਵੋਕੇਟ ਅਤੇ ਕਿਹੜਾ ਅਜਿਹਾ ਪੇਸ਼ਾ ਹੈ ਜਿਸ ਨਾਲ ਜੁੜਿਆ ਕੋਈ ਵਿਅਕਤੀ ਅੰਦੋਲਨ ਲਈ ਦਿੱਲੀ ਨਹੀਂ ਪਹੁੰਚਿਆ। ਸੋਸ਼ਲ ਮੀਡੀਆ ’ਤੇ ਜੋ ਖੇਤੀ ਅੰਦੋਲਨ ਦੇ ਹੱਕ ਵਿਚ ਹਵਾ ਬਣੀ ਹੈ, ਉਸ ਦੇ ਪਿੱਛੇ ਇਨ੍ਹਾਂ ਨੌਜਵਾਨਾਂ ਦੀ ਸਖਤ ਮਿਹਨਤ, ਲਗਨ ਅਤੇ ਦਿਮਾਗ ਲੱਗਾ ਹੈ। ਚਾਹੇ ਫੇਸਬੁਕ ਹੋਵੇ ਜਾਂ ਟਵਿੱਟਰ, ਇੰਸਟਾਗਰਾਮ ਹੋਵੇ ਜਾਂ ਵਟਸਐਪ, ਹਰ ਸੋਸ਼ਲ ਪਲੇਟਫਾਰਮ ’ਤੇ ਨੌਜਵਾਨਾਂ ਦੀ ਟੀਮ ਕੰਮ ਕਰ ਰਹੀ ਹੈ।

ਮਾਨਸਾ ਦਾ ਨਵਕਿਰਨ ਨਤ ਸ਼ੁਰੂ ਤੋਂ ਟਿਕਰੀ ਬਾਰਡਰ ’ਤੇ ਹੈ। ਸਿੰਘੂ, ਸ਼ਾਹਜਹਾਂਪੁਰ ਅਤੇ ਗਾਜ਼ੀਪੁਰ ਬਾਰਡਰ ’ਤੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਸ਼ੁਰੂ ਕਰਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਡੈਂਟਿਸਟ ਸਕਾਲਰ ਨਵਕਿਰਨ ਦੱਸਦਾ ਹੈ ਕਿ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇਲਾਵਾ ਦਿੱਲੀ ਦੀ ਜੇ. ਐੱਨ. ਯੂ., ਦਿੱਲੀ ਯੂਨੀਵਰਸਿਟੀ ਅਤੇ ਅੰਬੇਦਕਰ ਯੂਨੀਵਰਸਿਟੀ ਦੇ ਵਿਦਿਆਰਥੀ ਵਾਲੰਟੀਅਰ ਦੇ ਤੌਰ ’ਤੇ ਇਨ੍ਹਾਂ ਦਾ ਕੰਮ ਵੇਖ ਰਹੇ ਹਨ।ਉਨ੍ਹਾਂ ਨੇ ਮੁੱਖ ਸਟੇਜ ਦੇ ਨਾਲ ਬੁੱਧੀਜੀਵੀਆਂ ਦੇ ਲੈਕਚਰ ਵੀ ਸ਼ੁਰੂ ਕੀਤੇ ਹਨ। ਹਾਲ ਹੀ ਵਿਚ ਜੇ. ਐੱਨ. ਯੂ. ਦੇ ਪ੍ਰੋਫੈਸਰ ਅਤੁੱਲ ਸੂਦ ਲੈਕਚਰ ਲਈ ਆਏ ਸਨ। ਨਵਕਿਰਨ ਖੁਦ ਵੀ ਕਈ ਵਾਰ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰ ਚੁੱਕੇ ਹਨ।

ਬਜ਼ੁਰਗ ਹੋ ਚੁੱਕੇ ਕਿਸਾਨ ਨੇਤਾਵਾਂ ਦੇ ਵਾਰਿਸ ਦੇ ਤੌਰ ’ਤੇ ਨਵੀਂ ਪੀੜ੍ਹੀ ਵੀ ਤਿਆਰ ਹੋ ਰਹੀ ਹੈ। ਸਿੰਘੂ ਅਤੇ ਟਿਕਰੀ ਬਾਰਡਰ ’ਤੇ ਨੌਜਵਾਨ ਕਿਸਾਨਾਂ ਨਾਲ ਗੱਲ ਹੋਈ ਤਾਂ ਪਤਾ ਚੱਲਿਆ ਕਿ ਕਿਸ ਤਰ੍ਹਾਂ ਨਾਲ ਉਹ ਤਾਜ਼ਾ ਹਾਲਾਤਾਂ ਨੂੰ ਸਮਝਦੇ ਹਨ।


Share