ਕਿਸਾਨ ਮੋਰਚੇ ’ਤੇ ਤਿੰਨ ਕਿਸਾਨਾਂ ਦੀ ਮੌਤ

430
Share

ਨਵੀਂ ਦਿੱਲੀ, 3 ਜਨਵਰੀ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਕਿਸਾਨ ਮੋਰਚੇ ’ਤੇ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਇਹ ਕਿਸਾਨ ਪੰਜਾਬ ਤੇ ਹਰਿਆਣਾ ਤੋਂ ਸਨ। ਪ੍ਰਧਾਨ ਮੁਤਾਬਕ ਪੰਜਾਬ ਦੇ ਮਸਤੂਆਣਾ ਸਾਹਿਬ (ਸੰਗਰੂਰ) ਦੇ ਪਿੰਡ ਲਿੱਧੜਾਂ ਦੇ 45 ਸਾਲਾਂ ਦੇ ਸ਼ਮਸ਼ੇਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਦੌਰਾਨ ਸੰਗਰੂਰ ਦੇ ਲਦਾਲ ਪਿੰਡ ਵਾਸੀ ਸੁਰਜੀਤ ਸਿੰਘ ਦੀ ਬੀਤੀ ਰਾਤ ਮੌਤ ਹੋ ਗਈ। ਤੀਜਾ ਕਿਸਾਨ ਹਰਿਆਣਾ ਦੇ ਗੋਹਾਣਾ ਦਾ ਰਹਿਣ ਵਾਲਾ ਸੀ, ਜਿਸ ਦੀ ਪਛਾਣ ਕੁਲਬੀਰ ਸਿੰਘ ਵੱਜੋਂ ਹੋਈ।

ਇਥੋਂ ਨੇੜਲੇ ਪਿੰਡ ਲਦਾਲ ਦੇ ਕਿਸਾਨ ਸੁਰਜੀਤ ਸਿੰਘ (62) ਪੁੱਤਰ ਦਲੀਪ ਸਿੰਘ ਦੀ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨ ਸੰਘਰਸ਼ ਦੌਰਾਨ ਬੀਤੀ ਰਾਤ ਮੌਤ ਹੋ ਗਈ। ਸੁਰਜੀਤ ਸਿੰਘ 26 ਨਵੰਬਰ ਨੂੰ ਖੇਤੀ ਵਿਰੋਧੀ ਕਾਨੂੰਨਾਂ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿਕਰੀ ਬਾਰਡਰ ’ਤੇ ਧਰਨਾ ਦੇ ਰਿਹਾ ਸੀ ਅਤੇ ਧਰਨੇ ਦੌਰਾਨ ਕੋਈ ਜ਼ਹਿਰੀਲੀ ਚੀਜ਼ ਲੱਤ ’ਤੇ ਲੜਣ ਕਰਕੇ ਉਸ ਨੂੰ ਟੋਹਾਣਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਰਾਤ ਉਸ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦੇਹ ਸਿਵਲ ਹਸਪਤਾਲ ’ਚ ਰੱਖ ਦਿੱਤੀ ਗਈ ਹੈ। ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਅਤੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਸਾਨ ਸੁਰਜੀਤ ਸਿੰਘ ਨੂੰ ਸ਼ਹੀਦ ਕਰਾਰ ਦਿੰਦੇ ਕਿਹਾ ਕਿ ਜਿੰਨੀ ਦੇਰ ਤੱਕ ਸ਼ਹੀਦ ਕਿਸਾਨ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ, ਕਰਜ਼ਾ ਮੁਆਫ, ਇੱਕ ਪਰਿਵਾਰਕ ਮੈੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਉੰਨੀ ਦੇਰ ਤੱਕ ਪੋਸਟਮਾਟਰਮ ਅਤੇ ਸੰਸਕਾਰ ਨਹੀਂ ਕੀਤਾ ਜਾਵੇਗਾ।


Share