ਕਿਸਾਨ ਮੋਰਚੇ ’ਚ ਗਿਣਤੀ ਵਧਾਉਣ ਦੇ ਮੱਦੇਨਜ਼ਰ ਪੰਜਾਬ ’ਚ ਮਹਾਂਪੰਚਾਇਤਾਂ ਨਾ ਕਰਨ ਦਾ ਫ਼ੈਸਲਾ

459
Share

-ਲੋੜ ਪੈਣ ’ਤੇ ਮੁੜ ਹੋ ਕੀਤੀਆਂ ਜਾਣਗੀਆਂ ਕਾਨਫਰੰਸਾਂ : ਕਿਸਾਨ ਜਥੇਬੰਦੀਆਂ

ਸਿੰਘੂ ਬਾਰਡਰ, 17 ਫਰਵਰੀ (ਪੰਜਾਬ ਮੇਲ)-ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਸਿੰਘੂ ਬਾਰਡਰ ਕਿਸਾਨ ਮੋਰਚੇ ’ਚ ਗਿਣਤੀ ਨੂੰ ਹੋਰ ਵਧਾਉਣ ਲਈ ਪੰਜਾਬ ’ਚ ਕੀਤੀਆਂ ਜਾਣ ਵਾਲੀਆਂ ਮਹਾਂਪੰਚਾਇਤਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਜਦੋਂ ਜ਼ਰੂਰਤ ਸਮਝੀ ਗਈ, ਉਸ ਵੇਲੇ ਸੂਬੇ ’ਚ ਮੁੜ ਅਜਿਹੀਆਂ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ। ਹਰਿਆਣਾ ’ਚ ਕੋਈ ਵੀ ਅਜਿਹਾ ਪ੍ਰੋਗਰਾਮ ਰੱਖਣ ਤੋਂ ਪਹਿਲਾਂ ਉਨ੍ਹਾਂ ਨਾਲ ਤਾਲਮੇਲ ਜ਼ਰੂਰ ਕਰੇ। ਇਸ ਦੌਰਾਨ ਜਥੇਬੰਦੀਆਂ ਨੇ ਗੁਰੂ ਰਵਿਦਾਸ ਜੈਅੰਤੀ ਵੱਡੇ ਪੱਧਰ ’ਤੇ ਮਨਾਉਣ ਅਤੇ ਮੋਰਚੇ ’ਚ ਪਹੁੰਚੇ ਕਿਸਾਨਾਂ ਦੀ ਸਹੂਲਤ ਲਈ ਮੌਸਮ ਦੇ ਬਦਲਾਅ ਨੂੰ ਵੇਖਦੇ ਹੋਏ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦਾ ਵੀ ਐਲਾਨ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ’ਚੋਂ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਸ਼ਾਦੀਪੁਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਮਹੂਰੀ ਕਿਸਾਨ ਸਭਾ ਆਗੂ ਡਾ. ਸਤਨਾਮ ਸਿੰਘ, ਬੀਬੀ ਗੁਰਵਿੰਦਰ ਕੌਰ ਆਦਿ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਸਰਹੱਦ ’ਤੇ ਪਹੁੰਚੇ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਰੂਪ-ਰੇਖਾ ਤਿਆਰ ਕਰਨ ਲਈ ਕੀਤੀ ਗਈ ਬੈਠਕ ’ਚ ਪੰਜਾਬ ’ਚ ਮਹਾਂਪੰਚਾਇਤਾਂ ਅਜੇ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਪੰਜਾਬ ਵਿਚ ਵਾਪਸ ਨਹੀਂ ਲਿਜਾਇਆ ਜਾਵੇਗਾ। ਇਸ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਵਾਪਸ ਜਾਣ ਸਬੰਧੀ ਕੀਤੇ ਜਾ ਰਹੇ ਭੰਡੀ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਦਿੱਲੀ ਸਰਹੱਦ ’ਤੇ ਪਹੁੰਚੀਆਂ ਟਰਾਲੀਆਂ ਅੰਦੋਲਨ ਦੀ ਸਮਾਪਤੀ ਤੱਕ ਇੱਥੇ ਇਸੇ ਤਰ੍ਹਾਂ ਹੀ ਰਹਿਣਗੀਆਂ ਅਤੇ ਮੋਰਚੇ ’ਚ ਕਿਸਾਨਾਂ ਦੀ ਗਿਣਤੀ ਹੋਰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੰਦੋਲਨ ਨੂੰ ਲੰਬਾ ਸਮਾਂ ਚੱਲਣ ਨੂੰ ਧਿਆਨ ’ਚ ਰੱਖਦੇ ਹੋਏ ਮੋਰਚੇ ਦੇ ਪਹੁੰਚੇ ਕਿਸਾਨਾਂ ਦੀ ਸਹੂਲਤ ਲਈ ਜਨਰੇਟਰ, ਪੱਖਿਆਂ, ਕੂਲਰਾਂ ਅਤੇ ਮੱਛਰਾਂ ਤੋਂ ਬਚਾਅ ਲਈ ਪ੍ਰਬੰਧ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਨੇ 18 ਫਰਵਰੀ ਦੇ ਰੇਲ ਰੋਕੋ ਦੇ ਸੱਦੇ ਨੂੰ ਸਫਲ ਬਣਾਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਰੇਲ ਰੋਕੋ ਸੱਦਾ ਪੂਰੇ ਦੇਸ਼ ਲਈ ਹੈ। ਜਦੋਂ ਇਸ ਸਬੰਧ ਵਿਚ ਉਨ੍ਹਾਂ ਨੂੰ ਦਿੱਲੀ ਵਿਚ ਵੀ ਰੇਲ ਰੋਕੇ ਜਾਣ ਸਬੰਧੀ ਪੁੱਛਿਆ ਗਿਆ, ਤਾਂ ਕਿਸਾਨ ਆਗੂ ਇਸ ਦਾ ਤਸੱਲੀਪੂਰਵਕ ਜਵਾਬ ਨਹੀਂ ਦੇ ਸਕੇ ਤੇ ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਕਿਸਾਨ ਆਗੂ ਹੋਣਗੇ, ਉਹ ਯੋਜਨਾ ਨਾਲ ਇਸ ਰੇਲ ਰੋਕੋ ਦੇ ਸੱਦੇ ਨੂੰ ਸਫਲ ਬਣਾਉਣਗੇ। ਇਸ ਦੌਰਾਨ ਕਿਸਾਨ ਆਗੂਆਂ ਨੇ ਦੁਹਰਾਇਆ ਕਿ 26 ਜਨਵਰੀ ਦੇ ਬਾਅਦ ਪੁਲਿਸ ਵਲੋਂ ਹਿਰਾਸਤ ’ਚ ਲਏ ਨੌਜਵਾਨਾਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਹਰ ਯਤਨ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਆਗੂਆਂ ਨੇ ਖੇਤੀ ਕਾਰਜਾਂ ਲਈ ਪਿੰਡਾਂ ’ਚ ਮੌਜੂਦ ਟਰੈਕਟਰ-ਟਰਾਲੀਆਂ ਨਾਲ ਕੰਮ ਚਲਾਉਣ ਅਤੇ ਨੌਜਵਾਨਾਂ ਨੂੰ ਖੇਤੀ ਕਾਰਜ ਕਰਨ ਤੇ ਬਜ਼ੁਰਗਾਂ ਨੂੰ ਅੰਦੋਲਨ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ।


Share