ਕਿਸਾਨ ਮੋਰਚਾ ਨਾ ਤਾਂ ਧਾਰਮਿਕ ਹੈ ਅਤੇ ਨਾ ਹੀ ਰਾਜਨੀਤਕ : ਗਿਆਨੀ ਹਰਪ੍ਰੀਤ ਸਿੰਘ

445
Share

ਲੁਧਿਆਣਾ, 7 ਫਰਵਰੀ (ਪੰਜਾਬ ਮੇਲ)- ਸ੍ਰੀ ਅਕਾਲ  ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੇ ਸਮਰਥਨ ਲਈ ਉਹ ਸਿੱਖ ਸੰਗਠਨਾਂ, ਸਿੱਖ ਜਥੇਬੰਦੀਆਂ ਅਤੇ ਸੰਗਤ ਨੂੰ ਕੋਈ ਵੀ ਅਪੀਲ ਜਾਰੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖ ਸੰਗਠਨ, ਜਥੇਬੰਦੀਆਂ ਅਤੇ ਸੰਗਤ ਆਪਣੇ ਤੌਰ ’ਤੇ ਬੇਸ਼ੱਕ ਕਿਸਾਨੀ ਸੰਘਰਸ਼ ਲਈ ਸਰਗਰਮ ਹਨ ਪਰ ਉਹ ਇਸ ਬਾਰੇ ਕੋਈ ਵੀ ਆਦੇਸ਼, ਅਪੀਲ ਜਾਂ ਹੁਕਮਨਾਮਾ ਜਾਰੀ ਨਹੀਂ ਕਰ ਰਹੇ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ  ਸਪੱਸ਼ਟ ਕੀਤਾ ਗਿਆ ਹੈ ਕਿ ਕਿਸਾਨ ਮੋਰਚਾ ਨਾ ਤਾਂ ਧਾਰਮਿਕ ਹੈ ਅਤੇ ਨਾ ਹੀ ਰਾਜਨੀਤਕ, ਇਸੇ ਕਰਕੇ ਉਹ ਇਸ ਬਾਰੇ ਚੁੱਪ ਹਨ। ਇਹ ਪੁੱਛੇ ਜਾਣ ’ਤੇ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਸ਼ੁਰੂ ਕੀਤਾ ਗਿਆ ਸੀ ਕਿ ਉਹ ਫਿਰ ਵੀ ਉਨ੍ਹਾਂ ਜਥੇਬੰਦੀਆਂ ਦੇ ਸਮਰਥਨ ਲਈ ਕੁੱਝ ਨਹੀਂ ਕਹਿਣਗੇ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਮੋਰਚਾ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਪਰ ਪੰਜਾਬ ਦੇ ਹਰ ਵਰਗ ਵੱਲੋਂ ਮੋਰਚੇ ਨੂੰ ਆਪਣੇ ਤੌਰ ’ਤੇ ਸਮਰਥਨ ਦਿੱਤਾ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ। ਇਸ ਮੌਕੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਯੂਥ ਆਗੂ ਅਰਵਿੰਦਰ ਸਿੰਘ ਧੰਜਲ, ਭਾਈ ਮੇਜਰ ਸਿੰਘ, ਬਲਜੀਤ ਸਿੰਘ ਬੀਤਾ ਤੇ ਚਰਨਜੀਤ ਸਿੰਘ ਪੀਐੱਸਬੀ ਹਾਜ਼ਰ ਸਨ।


Share