‘ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ : ਨਵਜੋਤ ਸਿੱਧੂ

355
Share

ਮੋਰਿੰਡਾ, 24 ਜੁਲਾਈ (ਪੰਜਾਬ ਮੇਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਸ੍ਰੀ ਚਮਕੌਰ ਸਾਹਿਬ ਦੇ ਮੋਰਿੰਡਾ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਪਹੁੰਚੇ। ਇਥੇ ਉਨ੍ਹਾਂ ਦਾ ਢੋਲ ਨਾਲ ਸੁਆਗਤ ਕੀਤਾ ਗਿਆ। ਸਿੱਧੂ ਦੇ ਦੌਰੇ ਨੂੰ ਵੇਖਦੇ ਹੋਏ ਭਾਰੀ ਗਿਣਤੀ ’ਚ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਮੋਰਚਾ ਮੇਰੇ ਲਈ ਕਿਸੇ ਤੀਰਥ ਨਾਲੋਂ ਘੱਟ ਨਹੀਂ ਹੈ ਅਤੇ ਕਿਸਾਨ ਅੰਦੋਲਨ ’ਚ ਸ਼ਾਮਲ ਬਜ਼ੁਰਗ ਮੇਰੇ ਮਾਂ-ਬਾਪ ਦੇ ਸਮਾਨ ਹਨ। ਇਸ ਮੌਕੇ ਨਵਜੋਤ ਸਿੱਧੂ ਨੇ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਉਹ ਨੰਗੇ ਪੈਰੀਂ ਜਾਣਗੇ। ਮੈਂ ਪਿਛਲੇ ਇਕ ਸਾਲ ਤੋਂ ਇਸ ਕਿਸਾਨ ਮੋਰਚੇ ਨੂੰ ਪਵਿੱਤਰ ਕਹਿੰਦਾ ਆਇਆ ਹੈ ਕਿਉਂਕਿ ਇਹ ਕਿਸਾਨ ਮੋਰਚਾ ਸੰਵਿਧਾਨ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟ ਰਹੀ ਉਪਜ ਅਤੇ ਘੱਟ ਰਹੀ ਆਮਦਨ ਕਿਸਾਨਾਂ ਨੂੰ ਇਹ ਅੰਦੋਲਨ ਕਰਨ ਲਈ ਮਜਬੂਰ ਕਰ ਰਹੀ ਹੈ। ਸਭ ਦੀ ਇੱਛਾ ਹੈ ਕਿ ਇਹ ਜਿਹੜੀ ਸਮਾਜਿਕ ਮੂਵਮੈਂਟ ਹੈ ਇਹ ਆਰਥਿਕ ਤਾਕਤ ’ਚ ਬਦਲੇ ਅਤੇ ਕਿਸਾਨਾਂ ਨੂੰ ਇੱਜ਼ਤ ਦੀ ਰੋਟੀ ਮਿਲੇ।


Share