‘ਕਿਸਾਨ ਮਹਾਪੰਚਾਇਤ’ : ਕਿਸਾਨਾਂ ਦਾ ਆਇਆ ਹੜ੍ਹ

705
ਕਿਸਾਨ ਮਹਾਪੰਚਾਇਤ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੱਦੀ ਗਈ ਹੈ। ਕਿਸਾਨਾਂ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤੱਕ ਸਾਡੀ ਘਰ ਵਾਪਸੀ ਨਹੀਂ ਹੋਵੇਗੀ। ਮੁਜ਼ੱਫਰਨਗਰ ’ਚ ਕਿਸਾਨ ਦਾ ਵੱਡਾ ਇਕੱਠ ਹੈ, ਜਿਸ ’ਚ ਕਿਸਾਨ ਬੀਬੀਆਂ ਨੇ ਵੀ ਹਿੱਸਾ ਲਿਆ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਕਿਸਾਨਾਂ ਨੇ ਮੁਜ਼ੱਫਰਨਗਰ ਨੂੰ ਚਾਲੇ ਪਾ ਦਿੱਤੇ ਹਨ। ਇਨ੍ਹਾਂ ਵਿੱਚ 15 ਸੂਬਿਆਂ ਦੇ ਕਿਸਾਨ ਸ਼ਾਮਲ ਹਨ। ਆਗੂ  ਨੇ ਕਿਹਾ ਕਿ 5 ਸਤੰਬਰ ਦੀ ਮਹਾਪੰਚਾਇਤ ਯੋਗੀ ਤੇ ਮੋਦੀ ਸਰਕਾਰਾਂ ਨੂੰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਸ਼ਕਤੀ ਦਾ ਅਹਿਸਾਸ ਕਰਵਾਏਗੀ।

 

ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੋਇਆ ਹੈ ਕਿ ਮੁਜ਼ੱਫਰਨਗਰ ਵਿਚ 5 ਸਤੰਬਰ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ, ‘ਮਿਸ਼ਨ ਉੱਤਰ ਪ੍ਰਦੇਸ਼-ਉੱਤਰਾਖੰਡ’ ਦੀ ਸ਼ੁਰੂਆਤ ਕਰੇਗੀ। ਇਨ੍ਹਾਂ ਸੂਬਿਆਂ ਵਿਚ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਵਾਪਸ ਲੈਣ ਤੇ ਸਾਰੇ ਖੇਤੀ ਉਤਪਾਦਾਂ ਦੀ ਵਿਆਪਕ ਲਾਗਤ ਦੇ ਡੇਢ ਗੁਣਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ ਪੂਰੀ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ। ਮੁਜ਼ੱਫਰਨਗਰ ਵਿੱਚ ਅੱਜ ਹੋ ਰਹੀ ਕਿਸਾਨ ਮਹਾਪੰਚਾਇਤ ਉੱਪਰ ਪੂਰੇ ਦੇਸ਼ ਦੀ ਨਿਗ੍ਹਾ ਹੈ। ਇਹ ਮਹਾਪੰਚਾਇਤ ਹੀ ਛੇ ਮਹੀਨੇ ਬਾਅਦ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਹੋਣ ਵਾਲੀਆਂ ਚੋਣਾਂ ਦਾ ਰੁਖ ਤੈਅ ਕਰੇਗੀ ਕਿਉਂਕਿ ਕਿਸਾਨ ਯੂਨੀਅਨਾਂ ਇੱਥੋਂ ਹੀ ਦੋਵੇਂ ਰਾਜਾਂ ਵਿੱਚ ਸੱਤਾਧਾਰੀ ਬੀਜੇਪੀ ਨੂੰ ਘੇਰਨ ਦੀ ਰਣਨੀਤੀ ਦਾ ਐਲਾਨ ਕਰਨਗੀਆਂ।