ਕਿਸਾਨ ਧਰਨੇ ਦੀ ਅਗਵਾਈ ਕਰ ਰਹੇ ਰਕੈਸ਼ ਟਿਕੈਤ ਨੂੰ ਲੈ ਕੇ ਭਾਜਪਾ ਵਿਧਾਇਕ ਦੀ ਵਿਵਾਦਿਤ ਟਿੱਪਣੀ

436
Share

ਕਿਹਾ: ‘ਟਿਕੈਤ ਤਾਂ 2,000 ਲਈ ਕਿਤੇ ਵੀ ਚਲੇ ਜਾਂਦੇ’
ਨਵੀਂ ਦਿੱਲੀ, 4 ਫਰਵਰੀ (ਪੰਜਾਬ ਮੇਲ)-ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ਉੱਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਦੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ ਨੂੰ ਲੈ ਕੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਵਿਵਾਦਿਤ ਟਿੱਪਣੀ ਕੀਤੀ ਹੈ। ਵਿਧਾਇਕ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਤੋਂ ਵੱਡੇ ਕਿਸਾਨ ਹਨ ਕਿਉਂਕਿ ਉਨ੍ਹਾਂ ਕੋਲ ਵੱਧ ਜ਼ਮੀਨ ਹੈ। ਉਨ੍ਹਾਂ ਰਾਕੇਸ਼ ਟਿਕੈਤ ਉੱਤੇ ਵਿਅਕਤੀਗਤ ਹਮਲਾ ਵੀ ਕੀਤਾ। ਉਨ੍ਹਾਂ ਦੋਸ਼ ਲਾਇਆ, ‘ਟਿਕੈਤ ਸਿਰਫ਼ 2,000 ਰੁਪਏ ਲਈ ਕਿਤੇ ਵੀ ਚਲੇ ਜਾਂਦੇ ਹਨ।’
ਦਰਅਸਲ ਰਾਕੇਸ਼ ਟਿਕੈਤ ਨੇ ਭਾਜਪਾ ਵਿਧਾਇਕ ਤੇ ਉਨ੍ਹਾਂ ਦੇ ਸਮਰਥਕਾਂ ਉੱਤੇ ਅੰਦੋਲਨਕਾਰੀ ਕਿਸਾਨਾਂ ਨੂੰ ਧਮਕੀ ਦੇਣ ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਜ਼ਬਰਦਸਤੀ ਹਟਾਉਣ ਦਾ ਦੋਸ਼ ਲਾਇਆ ਸੀ। ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਕਿਹਾ ਕਿ ਮੈਂ ਵੀ ਕਿਸਾਨ ਹਾਂ। ਤੁਸੀਂ ਪ੍ਰਦਰਸ਼ਨ ਵਾਲੀ ਥਾਂ ਉੱਤੇ ਜਾ ਕੇ ਵੇਖੋ, ਉੱਥੇ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਬੈਠੇ ਹਨ, ਉਹ ਕਿਸਾਨ ਵੀ ਹੋ ਸਕਦੇ ਹਨ ਤੇ ਮਜ਼ਦੂਰ ਵੀ।
ਪਿਛਲੇ ਹਫ਼ਤੇ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਵਾਲੀ ਥਾਂ ਖ਼ਾਲੀ ਕੀਤੇ ਜਾਣ ਦੀ ਗੱਲ ਤੋਂ ਬਾਅਦ ਰਾਕੇਸ਼ ਟਿਕੈਤ ਕੈਮਰੇ ਸਾਹਮਣੇ ਕੁਝ ਜਜ਼ਬਾਤੀ ਹੋ ਗਏ ਸਨ। ਉਨ੍ਹਾਂ ਅੰਦੋਲਨ ਨੂੰ ਤੋੜਨ ਲਈ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਜੀਂਦ ਵਿਚ ਹਜ਼ਾਰਾਂ ਕਿਸਾਨਾਂ ਨਾਲ ਮਹਾਪੰਚਾਇਤ ਕੀਤੀ ਹੈ; ਜਿਸ ਵਿਚ ਉਨ੍ਹਾਂ ਅੰਦੋਲਨ ਰਾਹੀਂ ਸਰਕਾਰ ਉੱਤੇ ਹੋਰ ਦਬਾਅ ਬਣਾਉਣ ਦੀ ਗੱਲ ਆਖੀ ਹੈ। ਟਿਕੈਤ ਨੇ ਇਥੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕਾਨੂੰਨ ਵਾਪਸ ਨਾ ਲਏ ਗਏ, ਤਾਂ ਉਸ ਲਈ ਸੱਤਾ ਵਿਚ ਕਾਇਮ ਰਹਿਣਾ ਔਖਾ ਹੋ ਜਾਵੇਗਾ।

Share