ਕਿਸਾਨ ਟਰੈਕਟਰ ਪਰੇਡ: ਹਿੰਸਕ ਝੜਪ ਤੋਂ ਬਾਅਦ ਦਿੱਲੀ-ਐੱਨ.ਸੀ.ਆਰ. ’ਚ ਇੰਟਰਨੈੱਟ ’ਤੇ ਪਾਬੰਦੀ

436
Share

-5 ਕਰੋੜ ਲੋਕ ਹੋਏ ਪ੍ਰਭਾਵਿਤ
ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਦਿੱਲੀ-ਐੱਨ.ਸੀ.ਆਰ. ’ਚ ਇੰਟਰਨੈੱਟ ਸੇਵਾ ਬੰਦ ਕੀਤੇ ਜਾਣ ਨਾਲ ਤਕਰੀਬਨ 5 ਕਰੋੜ ਗਾਹਕ ਪ੍ਰਭਾਵਿਤ ਹੋਏ ਹਨ। ਗ੍ਰਹਿ ਮੰਤਰਾਲੇ ਨੇ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਇੰਟਰਨੈੱਟ ਸੇਵਾ ’ਤੇ ਰੋਕ ਲਾਈ ਹੈ। ਇਸ ਦੇ ਬਾਅਦ ਤੋਂ ਕਈ ਘੰਟਿਆਂ ਤੱਕ ਇੰਟਰਨੈੱਟ ਯੂਜ਼ਰਜ਼ ਪਰੇਸ਼ਾਨ ਰਹੇ।
ਕਿਸਾਨਾਂ ਦੇ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਐੱਨ.ਸੀ.ਟੀ. (ਰਾਸ਼ਟਰੀ ਰਾਜਧਾਨੀ ਖੇਤਰ) ਦੇ ਸਿੰਘੂ, ਗਾਜ਼ੀਪੁਰ, ਟਿਕਰੀ, ਮੁਕਰਬਾ ਚੌਕ, ਨਾਂਗਲੋਈ ਤੇ ਇਸ ਦੇ ਨੇੜਲੇ ਖੇਤਰਾਂ ਵਿਚ ਇੰਟਰਨੈੱਟ ਸੇਵਾ ਬੰਦ ਕੀਤੀ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਨੇ ਇੰਟਰਨੈੱਟ ਸੇਵਾਵਾਂ, ਮੋਬਾਇਲ ਜਾਂ ਹੋਮ ਬ੍ਰਾਂਡਬੈਂਡ ਬਾਰੇ ਵਿਸ਼ੇਸ਼ ਤਰ੍ਹਾਂ ਨਾਲ ਹੁਕਮ ਜਾਰੀ ਨਹੀਂ ਕੀਤੇ ਪਰ ਸ਼ਹਿਰ ਦੇ ਇਕ ਵੱਡੇ ਹਿੱਸੇ ਵਿਚ ਗਾਹਕਾਂ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਅਕਤੂਬਰ ਤੱਕ ਦਿੱਲੀ ਵਿਚ ਤਕਰੀਬਨ 52.72 ਮਿਲੀਅਨ (5.2 ਕਰੋੜ) ਮੋਬਾਇਲ ਯੂਜ਼ਰਜ਼ ਹਨ। ਇਸ ਦੇ ਇਲਾਵਾ ਵੱਡੀ ਗਿਣਤੀ ਵਿਚ ਬ੍ਰਾਡਬੈਂਡ ਯੂਜ਼ਰਜ਼ ਵੀ ਹਨ।
ਦੂਰਸੰਚਾਰ ਕੰਪਨੀਆਂ ਨੇ ਵੀ ਸ਼ਹਿਰ ਦੇ ਵਧੇਰੇ ਹਿੱਸਿਆਂ ’ਚ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਖੇਤਰਾਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਅਗਲੀ ਸੂਚਨਾ ਤੱਕ ਰੋਕਿਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਹੁਕਮ 26 ਜਨਵਰੀ ਰਾਤ 12 ਵਜੇ ਤੱਕ ਹੀ ਪ੍ਰਭਾਵੀ ਸਨ ਪਰ ਅਜੇ ਵੀ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ, ਅਜਿਹੇ ਵਿਚ ਖਦਸ਼ਾ ਹੈ ਕਿ ਰਾਜਧਾਨੀ ਵਿਚ ਇੰਟਰਨੈੱਟ ਸੇਵਾਵਾਂ ਨੂੰ ਰੱਦ ਕਰਨ ਦਾ ਹੁਕਮ ਹੋਰ ਵਧਾਇਆ ਜਾ ਸਕਦਾ ਹੈ।

Share