ਕਿਸਾਨ ਟਰੈਕਟਰ ਪਰੇਡ ਨੇ ਹਿਲਾਈ ਦਿੱਲੀ

6701
Share

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਪਿਛਲੇ ਕਈ ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਉਪਰ ਮੋਰਚਾ ਲਗਾਈ ਬੈਠੇ ਕਿਸਾਨਾਂ ਵੱਲੋਂ ਭਾਰਤ ਦੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉੁਪਰ ਕੱਢੀ ਕਿਸਾਨ ਟਰੈਕਟਰ ਪਰੇਡ ਲਾਮਿਸਾਲ ਅਤੇ ਇਤਿਹਾਸਕ ਹੋ ਨਿਬੜੀ ਹੈ। ਪਰੇਡ ਵਿਚ ਹਿੱਸਾ ਲੈਣ ਲਈ ਪੰਜਾਬ ਅਤੇ ਹਰਿਆਣੇ ਵਿਚੋਂ ਲੱਖਾਂ ਕਿਸਾਨ ਦੋ ਦਿਨ ਪਹਿਲਾਂ ਹੀ ਲੱਖਾਂ ਟਰੈਕਟਰ ਲੈ ਕੇ ਦਿੱਲੀ ਸਰਹੱਦ ਉਪਰ ਜਾ ਪੁੱਜੇ ਸਨ। ਇਸੇ ਤਰ੍ਹਾਂ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਕਿਸਾਨ ਵੀ ਹਜ਼ਾਰਾਂ ਦੀ ਗਿਣਤੀ ਵਿਚ ਇਸ ਰੈਲੀ ਵਿਚ ਭਾਗ ਲੈਣ ਲਈ ਆ ਪੁੱਜੇ। ਦਿੱਲੀ ਵਿਚ ਹੋਣ ਵਾਲੀ ਇਸ ਕਿਸਾਨ ਪਰੇਡ ਵਿਚ ਮੁੱਖ ਤੌਰ ’ਤੇ ਇਨ੍ਹਾਂ ਪੰਜ ਰਾਜਾਂ ਦੇ ਕਿਸਾਨ ਹੀ ਟਰੈਕਟਰ ਲੈ ਕੇ ਪੁੱਜੇ ਸਨ। ਪਰ ਇਸ ਸੰਘਰਸ਼ ਦੀ ਲਾਗ ਹੁਣ ਪੂਰੇ ਦੇਸ਼ ਵਿਚ ਫੈਲ ਗਈ ਹੈ। ਮੰੁਬਈ ਵਿਚ ਲੱਖਾਂ ਕਿਸਾਨਾਂ ਨੇ ਪੈਦਲ ਚੱਲ ਕੇ ਰਾਜਪਾਲ ਭਵਨ ਵੱਲ ਮਾਰਚ ਕੀਤਾ। ਬੰਗਲੌਰ, ਵਾਰਾਨਸੀ ਅਤੇ ਬੰਗਾਲ ਵਿਚ ਕਈ ਥਾਵਾਂ ਉਪਰ ਕਿਸਾਨ ਮਾਰਚ ਕੀਤੇ ਗਏ ਹਨ। ਕੇਰਲਾ, ਮੱਧ ਪ੍ਰਦੇਸ਼, ਬਿਹਾਰ ਤੋਂ ਸੈਂਕੜੇ ਕਿਸਾਨਾਂ ਨੇ ਆ ਕੇ ਦਿੱਲੀ ਪਰੇਡ ਵਿਚ ਹਿੱਸਾ ਲਿਆ ਹੈ। ਸਵੇਰ ਸਾਰ ਦਿੱਲੀ ਦੁਆਲੇ ਪੰਜ ਥਾਵਾਂ ਤੋਂ ਕਿਸਾਨ ਪਰੇਡ ਦਾ ਆਰੰਭ ਹੋਇਆ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਪਰੇਡ ਕਰਨ ਦੀ ਖੁੱਲ੍ਹ ਦੇ ਕੇ ਉਸ ਸਮੇਂ ਵਾਅਦਾਖਿਲਾਫੀ ਕੀਤੀ, ਜਦ ਦਿੱਲੀ ਨੂੰ ਜਾਂਦੀਆਂ ਕਈ ਸੜਕਾਂ ਉਪਰ ਭਾਰੀ ਪੁਲਿਸ ਤਾਇਨਾਤ ਕਰਕੇ ਵੱਡੀਆਂ ਰੋਕਾਂ ਖੜ੍ਹੀਆਂ ਕਰ ਦਿੱਤੀਆਂ। ਕਰਨਾਲ ਬਾਈਪਾਸ ਅਤੇ ਟਿੱਕਰੀ ਬਾਰਡਰ ਵਾਲੇ ਪਾਸੇ ਨਾਗਲੋਈ ਅਤੇ ਗਾਜ਼ੀਪੁਰ ਵਿਖੇ ਪੁਲਿਸ ਵੱਲੋਂ ਲਗਾਈਆਂ ਰੋਕਾਂ ਕਿਸਾਨਾਂ ਦੇ ਹਜ਼ੂਮ ਅੱਗੇ ਮਿੰਟਾਂ ਵਿਚ ਢਹਿ-ਢੇਰੀ ਹੋ ਗਈਆਂ। ਕਿਸਾਨਾਂ ਦੇ ਹੌਂਸਲੇ, ਦਲੇਰੀ ਅਤੇ ਹਿੰਮਤ ਅੱਗੇ ਕੁੱਝ ਹੀ ਮਿੰਟਾਂ ਵਿਚ ਪੁਲਿਸ ਰਸਤਾ ਛੱਡ ਕੇ ਪਾਸੇ ਹੱਟਣ ਲਈ ਮਜਬੂਰ ਹੋ ਗਈ। 26 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਉਪਰ ਆਉਣ ਸਮੇਂ ਵੀ ਸ਼ੰਭੂ ਬਾਰਡਰ ਅਤੇ ਖਨੌਰੀ ਵਿਖੇ ਅਜਿਹੇ ਹੀ ਹਾਲਾਤ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪਿਆ ਸੀ। ਦੂਜੀ ਵਾਰ ਹੁਣ ਸਰਕਾਰ ਨੇ ਕਿਸਾਨਾਂ ਦੇ ਸਬਰ ਅਤੇ ਸ਼ਕਤੀ ਦਾ ਇਮਤਿਹਾਨ ਲਿਆ ਹੈ। ਕਿਸਾਨ ਸ਼ਕਤੀ ਇਸ ਇਮਤਿਹਾਨ ਵਿਚ ਵੀ ਜੇਤੂ ਰਹੀ ਹੈ। ਸਾਰੇ ਪਾਸੇ ਤੋਂ ਕਿਸਾਨਾਂ ਨੇ ਬੜੇ ਹੀ ਜ਼ਬਤਬੱਧ ਢੰਗ ਨਾਲ ਟਰੈਕਟਰ ਪਰੇਡ ਸ਼ੁਰੂ ਕੀਤੀ, ਪਰ ਪੁਲਿਸ ਵੱਲੋਂ ਰੁਕਾਵਟਾਂ ਖੜ੍ਹੀਆਂ ਕਰਨ ਕਾਰਨ ਕਿਸਾਨਾਂ ਨੂੰ ਲਾਂਘਾ ਲੈਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਦਿੱਲੀ ਵਿਚ ਚਾਰੇ ਪਾਸੇ ਸੜਕਾਂ ਉਪਰ ਟਰੈਕਟਰਾਂ ਦੀਆਂ ਗੂੰਜਾਂ ਪੈ ਰਹੀਆਂ ਸਨ। ਕਰੀਬ ਸਾਰੇ ਪਾਸੀਂ ਸ਼ਾਇਦ ਪਹਿਲੀ ਵਾਰ ਹੈ ਕਿ ਕਿਸਾਨ ਪ੍ਰਦਰਸ਼ਨਕਾਰੀਆਂ ਦਾ ਸਵਾਗਤ ਕਰਨ ਲਈ ਸੜਕਾਂ ਦੇ ਆਸਪਾਸ ਵੱਡੀ ਪੱਧਰ ’ਤੇ ਔਰਤਾਂ, ਬੱਚੇ ਅਤੇ ਦਿੱਲੀ ਵਾਸੀ ਆਏ ਖੜ੍ਹੇ ਸਨ। ਉਨ੍ਹਾਂ ਦੇ ਹੱਥਾਂ ਵਿਚ ਕਿਸਾਨ ਪਰੇਡ ਦੇ ਸਵਾਗਤ ਲਈ ਫੁੱਲਾਂ ਦੇ ਹਾਰ ਫੜੇ ਹੋਏ ਸਨ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਉਨ੍ਹਾਂ ਦੇ ਹੱਥਾਂ ਵਿਚ ਲਿਖੀਆਂ ਹੋਈਆਂ ਤਖਤੀਆਂ ਫੜੀਆਂ ਹੋਈਆਂ ਸਨ। ਕਈ ਥਾਵਾਂ ’ਤੇ ਲੋਕਾਂ ਨੇ ਚਾਹ ਤੇ ਪਾਣੀ ਦੇ ਲੰਗਰ ਵੀ ਲਗਾਏ ਹੋਏ ਸਨ। ਇਸ ਪਰੇਡ ਦੀ ਵੱਡੀ ਸਫਲਤਾ ਇਹ ਹੈ ਕਿ ਲੱਖਾਂ ਦੀ ਗਿਣਤੀ ਵਿਚ ਟਰੈਕਟਰਾਂ ਉਪਰ ਆਏ ਕਿਸਾਨ ਵੱਡੀ ਪਰੇਡ ਕਰਕੇ ਸੁੱਖੀ-ਸਾਂਦੀ ਮੁੜ ਆਪਣੇ ਮੋਰਚਿਆਂ ਵਿਚ ਆ ਬੈਠੇ ਹਨ। ਪੁਲਿਸ ਦੀਆਂ ਰੋਕਾਂ ਲਗਾਏ ਜਾਣ ਤੋਂ ਨਾਰਾਜ਼ ਬਹੁਤ ਸਾਰੇ ਨੌਜਵਾਨ ਕਿਸਾਨ, ਟਰੈਕਟਰ ਲੈ ਕੇ ਆਊਟਰ ਰਿੰਗ ਤੋਂ ਦਿੱਲੀ ਦਾ ਦਿਲ ਕਹੇ ਜਾਂਦੇ ਆਈ.ਟੀ.ਓ. ਚੌਂਕ ਤੱਕ ਜਾ ਪੁੱਜੇ, ਜਿੱਥੇ ਦਿੱਲੀ ਪੁਲਿਸ ਦਾ ਹੈੱਡ ਕੁਆਰਟਰ ਹੈ ਅਤੇ ਪਾਰਲੀਮੈਂਟ, ਰਾਸ਼ਟਰਪਤੀ ਭਵਨ ਸਮੇਤ ਸੁਪਰੀਮ ਕੋਰਟ ਵੀ ਇਸੇ ਖੇਤਰ ਵਿਚ ਪੈਂਦੀਆਂ ਹਨ। ਇਸ ਜਗ੍ਹਾ ਲਗਾਏ ਭਾਰੀ ਬੈਰੀਕੇਡ ਵੀ ਕਿਸਾਨਾਂ ਨੇ ਤੋੜ ਸੁੱਟੇ ਅਤੇ ਪੁਲਿਸ ਦੀ ਸਖ਼ਤੀ ਦੀ ਕੋਈ ਪ੍ਰਵਾਹ ਨਹੀਂ ਕੀਤੀ। ਵੱਡੀ ਗਿਣਤੀ ਪੁਲਿਸ ਇਥੇ ’ਕੱਲੇ-’ਕਹਿਰੇ ਕਿਸਾਨ ਨੂੰ ਦੇਖ ਕੇ ਡਾਂਗਾਂ ਨਾਲ ਕੁੱਟਦੀ ਦੁਨੀਆਂ ਨੇ ਟੀ.ਵੀ. ਚੈਨਲਾਂ ਰਾਹੀਂ ਲਾਈਵ ਦੇਖੀ ਹੈ। ਇਸੇ ਜਗ੍ਹਾ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਸਮੇਂ ਇਕ ਟਰੈਕਟਰ ਪਲਟ ਜਾਣ ਨਾਲ ਇਕ ਕਿਸਾਨ ਦੀ ਮੌਤ ਵੀ ਹੋ ਗਈ। ਕਈ ਪਾਸਿਆਂ ਤੋਂ ਆਏ ਕਿਸਾਨ ਅਤੇ ਨੌਜਵਾਨ ਹਜ਼ਾਰਾਂ ਦੀ ਗਿਣਤੀ ਵਿਚ ਫਿਰ ਲਾਲ ਕਿਲੇ ਜਾ ਪੁੱਜੇ। ਵੱਡੀ ਗਿਣਤੀ ਕਿਸਾਨ ਲਾਲ ਕਿਲੇ ਦੇ ਅੰਦਰ ਹੋ ਕੇ ਕਿਲੇ ਦੀ ਫਸੀਲ ਉੱਪਰ ਵੀ ਜਾ ਪੁੱਜੇ ਅਤੇ ਜਿਵੇਂ ਕਈ ਸਦੀਆਂ ਪਹਿਲਾਂ ਲਾਲ ਕਿਲੇ ਉੱਪਰ ਸਿੱਖ ਆਗੂ ਬਘੇਲ ਸਿੰਘ ਨੇ ਦਿੱਲੀ ਜਿੱਤ ਕੇ ਝੰਡਾ ਝੁਲਾਇਆ ਸੀ, ਸੰਕੇਤਕ ਰੂਪ ਵਿਚ ਅੱਜ ਵੀ ਉਸੇ ਜਗ੍ਹਾ ਕਿਸਾਨਾਂ ਨੇ ਕਿਸਾਨ ਯੂਨੀਅਨ, ਭਾਰਤ ਦਾ ਤਿਰੰਗਾ ਅਤੇ ਕੇਸਰੀ ਝੰਡਾ ਝੁਲਾ ਕੇ ਆਪਣੀ ਜਿੱਤ ਦਾ ਮੁਜ਼ਾਹਰਾ ਕੀਤਾ। ਬਾਅਦ ਵਿਚ ਭਾਰੀ ਗਿਣਤੀ ’ਚ ਆਈ ਪੁਲਿਸ ਨਾਲ ਇਥੇ ਝੜਪ ਵੀ ਹੋਈ ਅਤੇ ਕੁੱਝ ਕਿਸਾਨ ਜ਼ਖਮੀ ਵੀ ਹੋਏ।
ਕਿਸਾਨਾਂ ਦੀ ਇਸ ਇਤਿਹਾਸਕ ਪਰੇਡ ਨੇ ਇਹ ਗੱਲ ਤਾਂ ਸਾਬਤ ਕਰ ਦਿੱਤੀ ਹੈ ਕਿ ਉਹ ਆਪਣੀ ਮੰਗ ਮਨਾਉਣ ਲਈ ਪੂਰੀ ਤਰ੍ਹਾਂ ਸਪੱਸ਼ਟ ਦਿ੍ਰੜ੍ਹ ਅਤੇ ਸ਼ਾਂਤਮਈ ਅੰਦੋਲਨ ਲਈ ਪੂਰੀ ਤਰ੍ਹਾਂ ਸੁਹਿਰਦ ਹਨ। ਕਿਸਾਨ ਆਗੂਆਂ ਨੇ ਵੀ ਆਖਿਆ ਹੈ ਕਿ ਇੰਨੀ ਵੱਡੀ ਪਰੇਡ ਵਿਚ ਛੋਟੀ-ਮੋਟੀ ਝੜਪ ਜਾਂ ਗਰਮਜ਼ੋਸ਼ੀ ਹੋਣੀ ਸੁਭਾਵਿਕ ਹੁੰਦੀ ਹੈ। ਪਰ ਵੱਡੇ ਪੱਧਰ ’ਤੇ ਇਹ ਪਰੇਡ ਸ਼ਾਂਤਮਈ ਅਤੇ ਜ਼ਬਤ ਵਿਚ ਰਹੀ ਹੈ। ਕਿਸਾਨਾਂ ਨੇ ਇਸ ਤੋਂ ਅੱਗੇ ਪਹਿਲੀ ਫਰਵਰੀ ਨੂੰ ਸਿੰਘੂ ਬਾਰਡਰ ਤੋਂ ਪਾਰਲੀਮੈਂਟ ਵੱਲ ਪੈਦਲ ਮਾਰਚ ਦਾ ਵੀ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਆਏ ਸਮੂਹ ਕਿਸਾਨਾਂ ਨੂੰ ਦਿੱਲੀ ਸਰਹੱਦਾਂ ਉਪਰ ਹੀ ਟਿਕੇ ਰਹਿਣ ਦਾ ਸੱਦਾ ਵੀ ਦਿੱਤਾ ਹੈ ਅਤੇ ਉਮੀਦ ਵੀ ਇਹੀ ਕੀਤੀ ਜਾ ਰਹੀ ਹੈ ਕਿ ਨਵੇਂ ਆਏ ਬਹੁਤੇ ਲੋਕ 1 ਫਰਵਰੀ ਤੱਕ ਇਥੇ ਹੀ ਟਿਕੇ ਰਹਿਣਗੇ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿਚ ਦਿੱਲੀ ਨੂੰ ਜੋ ਥੋੜ੍ਹੇ ਬਹੁਤੇ ਲਾਂਘੇ ਪਹਿਲਾਂ ਬਚੇ ਹੋਏ ਸਨ। ਉਹ ਵੀ ਜਾਮ ਹੋ ਸਕਦੇ ਹਨ। ਮੋਦੀ ਸਰਕਾਰ ਲਈ ਅਜਿਹਾ ਹੋਣ ਨਾਲ ਵੱਡੀ ਸਿਰਦਰਦੀ ਅਤੇ ਸਮੱਸਿਆ ਵੀ ਬਣ ਸਕਦੀ ਹੈ। ਸਰਕਾਰ ਲਈ ਵੱਡੀ ਸਮੱਸਿਆ ਇਹ ਹੈ ਕਿ ਸਿਰਫ ਕਿਸਾਨ ਹੀ ਨਹੀਂ, ਸਗੋਂ ਹੋਰ ਲੋਕ ਵੀ ਉਨ੍ਹਾਂ ਦੀ ਮਦਦ ਤੇ ਹਮਾਇਤ ਵਿਚ ਆ ਖੜ੍ਹੇ ਹਨ। ਕਿਸਾਨ ਪਰੇਡ ਦਾ ਦਿੱਲੀ ਵਾਸੀਆਂ ਵੱਲੋਂ ਦਿੱਤਾ ਗਿਆ ਸਹਿਯੋਗ ਇਸ ਗੱਲ ਦਾ ਵੱਡਾ ਸੰਦੇਸ਼ ਦਿੰਦਾ ਹੈ। ਦਿੱਲੀ ਦੁਆਲੇ ਘੇਰਾ ਘੱਤੀਂ ਬੈਠੇ ਕਿਸਾਨਾਂ ਨਾਲ ਇਸ ਸੰਘਰਸ਼ ਨੂੰ ਹਰ ਦਿਨ ਨਵੀਂ ਤੋਂ ਨਵੀਂ ਤਾਕਤ ਮਿਲ ਰਹੀ ਹੈ। ਪਹਿਲਾਂ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦਾ ਮੰਨਿਆ ਜਾਂਦਾ ਇਹ ਸੰਘਰਸ਼, ਹੁਣ ਘੱਟੋ-ਘੱਟ 8-9 ਹੋਰ ਰਾਜਾਂ ਵਿਚ ਜਾ ਫੈਲਿਆ ਹੈ ਅਤੇ ਹੌਲੀ-ਹੌਲੀ ਇਸ ਸੰਘਰਸ਼ ਦਾ ਸੁਨੇਹਾ ਜਿਉ-ਜਿਉ ਹੋਰਨੀਂ ਥਾਈਂ ਪਹੁੰਚ ਰਿਹਾ ਹੈ, ਕਿਸਾਨ ਜਾਗਿ੍ਰਤ ਹੋ ਕੇ ਜਥੇਬੰਦ ਹੋ ਰਹੇ ਹਨ। ਇਸ ਵੇਲੇ ਉੱਤਰੀ ਭਾਰਤ ਦੇ ਪੰਜ ਰਾਜ ਤਾਂ ਵੱਡੇ ਪੱਧਰ ’ਤੇ ਇਸ ਸੰਘਰਸ਼ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿਚ ਵੀ ਇਹ ਅੰਦੋਲਨ ਪੂਰੀ ਤਰ੍ਹਾਂ ਭੱਖਿਆ ਨਜ਼ਰ ਆ ਰਿਹਾ ਹੈ ਅਤੇ ਅਗਲੇ ਦਿਨਾਂ ਵਿਚ ਕੇਰਲਾ, ਮੱਧ ਪ੍ਰਦੇਸ਼ ਅਤੇ ਬਿਹਾਰ ਤੋਂ ਵੀ ਕਿਸਾਨ ਸੰਘਰਸ਼ ਦੀ ਤਿਆਰੀ ਮਘਣ ਦੀ ਕਿਸਾਨ ਆਗੂ ਆਸ ਲਗਾਈਂ ਬੈਠੇ ਹਨ।
ਮੋਦੀ ਸਰਕਾਰ ਸ਼ੁਰੂ ਵਿਚ ਇਨ੍ਹਾਂ ਕਾਨੂੰਨਾਂ ਬਾਰੇ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪੂਰੀ ਨੀਤ ਅਤੇ ਨੀਤੀ ਨਾਲ ਇਹ ਕਾਨੂੰਨ ਬਣਾਏ ਹਨ ਅਤੇ ਇਹ ਕਾਨੂੰਨ ਪੂਰੀ ਤਰ੍ਹਾਂ ਕਿਸਾਨਾਂ ਦੀ ਭਲਾਈ ਲਈ ਹਨ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜ਼ਰੀਆ ਬਣਨਗੇ। ਪਰ ਜਦ ਕਿਸਾਨ ਸੰਘਰਸ਼ ਦੇ ਆਗੂਆਂ ਨੇ ਕੇਂਦਰੀ ਮੰਤਰੀਆਂ ਅਤੇ ਅਫਸਰਸ਼ਾਹੀ ਨੂੰ ਇਨ੍ਹਾਂ ਕਾਨੂੰਨਾਂ ਦਾ ਅਸਲੀ ਚਿਹਰਾ ਦਿਖਾਇਆ, ਤਾਂ ਕੁੱਝ ਮਹੀਨਿਆਂ ਬਾਅਦ ਲਾ-ਜਵਾਬ ਹੋ ਕੇ ਇਨ੍ਹਾਂ ਕਾਨੂੰਨਾਂ ਵਿਚ ਸੋਧਾਂ ਦੀ ਗੱਲ ਕਰਨ ਲੱਗ ਪਏ। ਜਦ ਕਿਸਾਨ ਸੰਘਰਸ਼ ਦਾ ਤੱਪ ਹੋਰ ਤੇਜ਼ ਹੋਇਆ, ਤਾਂ ਉਹੀ ਕੇਂਦਰੀ ਆਗੂ ਕਾਨੂੰਨਾਂ ਉੱਪਰ ਡੇਢ-ਦੋ ਸਾਲ ਲਈ ਰੋਕ ਲਗਾ ਕੇ ਇਕ ਸਾਂਝੀ ਕਮੇਟੀ ਬਣਾਏ ਜਾਣ ਦੀਆਂ ਪੇਸ਼ਕਸ਼ਾਂ ਕਰਨ ਲੱਗੇ। ਪਰ ਕਿਸਾਨ ਆਗੂ ਕਾਨੂੰਨਾਂ ਵਿਚ ਸੋਧਾਂ ਅਤੇ ਇਸ ਦੇ ਅਮਲ ਉੱਪਰ ਰੋਕ ਲਾਉਣ ਦੀ ਗੱਲ ਨੂੰ ਪ੍ਰਵਾਨ ਨਹੀਂ ਕਰ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਦ ਸਰਕਾਰ ਇਹ ਗੱਲ ਮੰਨ ਗਈ ਹੈ ਕਿ ਕਾਨੂੰਨਾਂ ਵਿਚ ਬਹੁਤ ਸਾਰੀਆਂ ਊਣਤਾਈਆਂ ਅਤੇ ਨੁਕਸ ਹਨ, ਇਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ, ਤਾਂ ਫਿਰ ਕਿਸਾਨ ਜਥੇਬੰਦੀਆਂ ਦੀ ਗੱਲ ਮੰਨ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਕੇ ਸਾਰਿਆਂ ਦੀ ਸਹਿਮਤੀ ਨਾਲ ਨਵੇਂ ਕਾਨੂੰਨ ਬਣਾਉਣ ਅਤੇ ਜਿਣਸਾਂ ਦੇ ਵਾਜ਼ਿਬ ਭਾਅ ਲਈ ਸਮਰੱਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਲਈ ਰਾਜ਼ੀ ਕਿਉ ਨਹੀਂ ਹੁੰਦੀ। ਇਹੀ ਸਵਾਲ ਵੱਡੀ ਕੁੰਡੀ ਬਣਿਆ ਹੋਇਆ ਹੈ ਅਤੇ ਸਰਕਾਰ ਪਿੱਛੇ ਹੱਟਣ ਦੇ ਬਾਵਜੂਦ ਵੀ ਕਿਸਾਨਾਂ ਦੀ ਗੱਲ ਨਾ ਮੰਨਣ ਦੀ ਅੜੀ ਕਰੀਂ ਬੈਠੀ ਹੈ।
ਕਿਸਾਨ ਪਰੇਡ ਨੇ ਇਹ ਗੱਲ ਤਾਂ ਸਪੱਸ਼ਟ ਕਰ ਦਿੱਤੀ ਹੈ ਕਿ ਕਿਸਾਨ ਆਗੂ ਨਾ ਤਾਂ ਝੁੱਕਣ ਵਾਲੇ ਹਨ ਅਤੇ ਨਾ ਹੀ ਸਿਆਸੀ ਆਗੂਆਂ ਦੇ ਕਿਸੇ ਤਰ੍ਹਾਂ ਦੇ ਬਹਿਕਾਵੇ ਵਿਚ ਆ ਕੇ ਵਿਕਣ ਵਾਲੇ ਹਨ। ਉਹ ਪੂਰੀ ਤਰ੍ਹਾਂ ਇਕਜੁੱਟ ਵੀ ਹਨ ਅਤੇ ਆਪਣੇ ਨਿਸ਼ਾਨਿਆਂ ਅਤੇ ਟੀਚਿਆਂ ਪ੍ਰਤੀ ਪੂਰੀ ਤਰ੍ਹਾਂ ਸਪੱਸ਼ਟ ਹਨ। ਇਸ ਸੰਘਰਸ਼ ਦੀ ਇਹ ਵੀ ਨਿਵੇਕਲੀ ਗੱਲ ਹੈ ਕਿ ਪੰਜਾਬ ਦੀਆਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਪਹਿਲੀ ਵਾਰ ਇਕ ਮੰਚ ਉੱਪਰ ਇਕੱਠੀਆਂ ਹੋਈਆਂ ਹਨ ਅਤੇ ਲੰਬੇ ਸੰਘਰਸ਼ ਬਾਅਦ ਵੀ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਜ਼ਾਬਤੇ ਵਿਚ ਰਹਿ ਕੇ ਚੱਲ ਰਹੀਆਂ ਹਨ। ਕਿਸਾਨ ਸੰਘਰਸ਼ ਦਾ ਸ਼ਾਂਤਮਈ ਰਹਿਣਾ ਅਤੇ ਜਥੇਬੰਦੀਆਂ ਦੀ ਇਕਜੁੱਟਤਾ ਹੀ ਇਸ ਸੰਘਰਸ਼ ਦੀ ਮਜ਼ਬੂਤੀ ਦਾ ਕਾਰਨ ਹੈ ਅਤੇ ਅਗਲੇ ਸਮੇਂ ਵਿਚ ਵੀ ਸੰਘਰਸ਼ ਨੂੰ ਮਜ਼ਬੂਤੀ ਨਾਲ ਤਾਂ ਹੀ ਚਲਾਇਆ ਜਾ ਸਕੇਗਾ, ਜੇਕਰ ਸਾਰੇ ਇਕਜੁੱਟ ਹੋ ਕੇ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਚਲਾਉਦੇ ਹਨ।

Share