ਕਿਸਾਨ ਜਥੇਬੰਦੀਆਂ ਵੱਲੋਂ 1 ਸਾਲ ਲੜੇ ਕਿਸਾਨੀ ਸੰਘਰਸ਼ ਦੀ ਨਿਕਲੀ ਹਵਾ

193
ਮੋਗਾ ’ਚ ਅਡਾਨੀ ਦੇ ਸਾਇਲੋ ਦੇ ਬਾਹਰ ਕਣਕ ਨਾਲ ਲੱਦੀਆਂ ਟਰਾਲੀਆਂ ਦੀਆਂ ਲੱਗੀਆਂ ਕਤਾਰਾਂ।
Share

ਕਣਕ ਵੇਚਣ ਲਈ ਕਿਸਾਨ ਖੁਦ ਨਿੱਜੀ ਮੰਡੀਆਂ ’ਚ ਪੁੱਜਣ ਲੱਗੇ
ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਨੇ ਕਿਸਾਨ ਆਗੂਆਂ ਦੀ ਸਥਿਤੀ ਕੀਤੀ ਪਤਲੀ
ਜਲੰਧਰ, 13 ਅਪ੍ਰੈਲ (ਪੰਜਾਬ ਮੇਲ)- ਰਾਜ ਦੀਆਂ 32 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ ਕਾਰਪੋਰੇਟ ਅਦਾਰਿਆਂ (ਕੇਂਦਰ ਦੇ ਖੇਤੀ ਕਾਨੂੰਨਾਂ) ਖ਼ਿਲਾਫ਼ ਸਾਲ ਭਰ ਲੜੇ ਲੰਬੇ ਸੰਘਰਸ਼ ਦੀ ਫੂਕ ਉਸ ਸਮੇਂ ਨਿਕਲ ਗਈ, ਜਦੋਂ ਵੱਡੀ ਗਿਣਤੀ ਕਿਸਾਨਾਂ ਨੇ ਖ਼ੁਦ ਹੀ ਨਿੱਜੀ ਮੰਡੀਆਂ ਵੱਲ ਨੂੰ ਰੁਖ ਕਰਦੇ ਹੋਏ ਮੋਗਾ ਸਥਿਤ ਅਡਾਨੀ ਦੇ ਸਾਇਲੋ ’ਚ ਕਣਕ ਲੈ ਕੇ ਪੁੱਜਣਾ ਸ਼ੁਰੂ ਕਰ ਦਿੱਤਾ। ਅਡਾਨੀ ਦੇ ਸਾਇਲੋ ਦੇ ਬਾਹਰ ਕਣਕ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ ਨੇ ਕਿਸਾਨ ਆਗੂਆਂ ਦੀ ਸਥਿਤੀ ਕਾਫ਼ੀ ਪਤਲੀ ਕਰਕੇ ਰੱਖ ਦਿੱਤੀ ਹੈ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਕਿਸਾਨਾਂ ਸਮੇਤ ਆਮ ਲੋਕਾਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਰਹੇ ਹਨ। ਉਧਰ ਕਿਸਾਨਾਂ ਵਲੋਂ ਆਪਣੇ ਟਰੈਕਟਰ-ਟਰਾਲੀਆਂ ਦੇ ਮੂੰਹ ਅਡਾਨੀ ਦੇ ਸਾਇਲੋ ਵੱਲ ਨੂੰ ਕਰ ਲਏ ਜਾਣ ਕਾਰਨ ਮੋਗਾ ਜ਼ਿਲ੍ਹੇ ਦੀਆਂ 8 ਦੇ ਕਰੀਬ ਮੰਡੀਆਂ ਦਾ ਜਿੱਥੇ ਪੂਰੀ ਤਰ੍ਹਾਂ ਨਾਲ ਭੋਗ ਪੈ ਚੁੱਕਾ ਹੈ, ਉਥੇ ਤਿੰਨ ਦਰਜਨ ਦੇ ਕਰੀਬ ਹੋਰ ਮੰਡੀਆਂ ਵੀ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਈਆਂ ਹਨ। ਕਿਸਾਨਾਂ ਵਲੋਂ ਆਪਣੀ ਫ਼ਸਲ ਵੇਚਣ ਲਈ ਨਿੱਜੀ ਮੰਡੀ ਨੂੰ ਪਹਿਲ ਦਿੱਤੇ ਜਾਣ ਕਾਰਨ ਮੋਗੇ ਜ਼ਿਲ੍ਹੇ ਦੀਆਂ ਜ਼ਿਆਦਾਤਰ ਮੰਡੀਆਂ ’ਚ ਕਾਂ ਬੋਲਣ ਲੱਗੇ ਹਨ। ਇਥੇ ਹੀ ਬੱਸ ਨਹੀਂ, ਨਿੱਜੀ ਮੰਡੀਆਂ ’ਚ ਸਾਰਾ ਕੰਮ ਮਸ਼ੀਨੀ ਹੋਣ ਕਾਰਨ ਸਰਕਾਰੀ ਮੰਡੀਆਂ ’ਚ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰ ਵੀ ਵਿਹਲੇ ਹੋ ਕੇ ਰਹਿ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਮੰਡੀਆਂ ਦੇ ਮੁਕਾਬਲੇ ਮੋਗੇ ਦੀ ਨਿੱਜੀ ਮੰਡੀ ’ਚ ਕਣਕ ਲੈ ਕੇ ਜਾਣ ਵਾਲੇ ਕਿਸਾਨਾਂ ਨੂੰ ਛੜਾਈ ਤੇ ਭਰਾਈ ਆਦਿ ਦਾ ਖਰਚਾ ਨਹੀਂ ਪੈਂਦਾ ਤੇ ਸਾਇਲੋ ’ਚ ਪੁੱਜਣ ਵਾਲੀ ਟਰਾਲੀ ਨੂੰ ਮਸ਼ੀਨਾਂ ਨਾਲ ਹੀ ਉਲਟਾ ਕੇ ਤੁਰੰਤ ਹੀ ਖ਼ਾਲੀ ਕਰ ਦਿੱਤਾ ਜਾਂਦਾ ਹੈ ਤੇ ਮਿੰਟਾਂ ’ਚ ਹੀ ਟਰਾਲੀ ਖ਼ਾਲੀ ਹੋਣ ਕਾਰਨ ਕਿਸਾਨ ਜਲਦੀ ਵਿਹਲਾ ਹੋ ਜਾਂਦਾ ਹੈ ਤੇ ਉਸ ਨੂੰ ਆੜ੍ਹਤ ਦਾ ਕੋਈ ਵਾਧੂ ਖਰਚਾ ਵੀ ਨਹੀਂ ਦੇਣਾ ਪੈਂਦਾ, ਜਿਸ ਕਾਰਨ ਕਿਸਾਨਾਂ ਵਲੋਂ ਸਰਕਾਰੀ ਮੰਡੀਆਂ ਦੀ ਥਾਂ ਇਸ ਨਿੱਜੀ ਮੰਡੀਆਂ ਨੂੰ ਪਹਿਲ ਦਿੱਤੀ ਜਾਣ ਲੱਗੀ ਹੈ। ਹਾਲਾਂਕਿ ਇਸ ਨਿੱਜੀ ਮੰਡੀ ’ਚ ਖ਼ਰੀਦ ਸਰਕਾਰੀ ਏਜੰਸੀ ਐੱਫ.ਸੀ.ਆਈ. ਵਲੋਂ ਕੀਤੀ ਜਾ ਰਹੀ ਹੈ ਤੇ ਆੜ੍ਹਤੀਆਂ ਨੂੰ ਵੀ ਉਨ੍ਹਾਂ ਦੀ ਬਣਦੀ ਆੜ੍ਹਤ ਦਿੱਤੀ ਜਾ ਰਹੀ ਹੈ ਪਰ ਅਸਲ ’ਚ ਇਸ ਨੂੰ ਲੁੱਕਵੇਂ ਢੰਗ ਨਾਲ ਨਿੱਜੀ ਮੰਡੀਆਂ ਨੂੰ ਉਤਸ਼ਾਹਿਤ ਕਰਨ ਵੱਲ ਪੁੱਟਿਆ ਗਿਆ ਪਹਿਲਾ ਕਦਮ ਦੱਸਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਨਿੱਜੀ ਮੰਡੀ ’ਚ ਕਣਕ ਦੀ ਵੱਡੀ ਪੱਧਰ ’ਤੇ ਆਮਦ ਹੋਣ ਨਾਲ ਆਉਣ ਵਾਲੇ ਸਮੇਂ ’ਚ ਇਹ ਪ੍ਰਭਾਵ ਬਣੇਗਾ ਕਿ ਕਿਸਾਨ ਨਿੱਜੀ ਮੰਡੀ ਨੂੰ ਪਹਿਲ ਦੇ ਰਹੇ ਹਨ ਤੇ ਇਸ ਤਰ੍ਹਾਂ ਹੌਲੀ-ਹੌਲੀ ਸਰਕਾਰੀ ਮੰਡੀਆਂ ਖ਼ੁਦ ਹੀ ਖ਼ਤਮ ਹੋ ਜਾਣਗੀਆਂ। ਇਸ ਸਬੰਧੀ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਸਰਕਾਰੀ ਮੰਡੀਆਂ ਨੂੰ ਖ਼ਤਮ ਕਰਨ ਅਤੇ ਨਿੱਜੀ ਮੰਡੀਆਂ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਅਦਾਰਿਆਂ ਵਲੋਂ ਕਿਸਾਨਾਂ ਦੀ ਆਰਥਿਕ ਮੰਦਹਾਲੀ ਦਾ ਫ਼ਾਇਦਾ ਚੁੱਕਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਨਿੱਜੀ ਮੰਡੀ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਨਿੱਜੀ ਮੰਡੀ ਦੀ ਸ਼ੁਰੂਆਤ ਉਸ ਸਮੇਂ ਹੀ ਹੋ ਗਈ ਸੀ, ਜਦੋਂ ਪ੍ਰਮੁੱਖ ਖ਼ਰੀਦ ਏਜੰਸੀ ਐੱਫ.ਸੀ.ਆਈ. ਨੇ ਅਡਾਨੀ ਦਾ ਸਾਇਲੋ 25 ਸਾਲ ਲਈ ਕਿਰਾਏ ’ਤੇ ਲੈ ਲਿਆ ਸੀ। ਦੂਸਰਾ ਪੰਜਾਬ ਸਰਕਾਰ ਨੇ ਇਸ ਮਾਮਲੇ ’ਚ ਬਲਦੀ ’ਤੇ ਪਾਉਂਦੇ ਹੋਏ ਅਡਾਨੀ ਦੇ ਸਾਇਲੋ ਵਾਲੀ ਜ਼ਮੀਨ ’ਤੇ ਬਣੀ ਮੰਡੀ ਨੂੰ ਨੋਟੀਫਾਈ ਕਰ ਦਿੱਤਾ ਤੇ ਉਸ ਨੂੰ ਕਣਕ ਦੀ ਖ਼ਰੀਦ ਦੀ ਇਜਾਜ਼ਤ ਦੇ ਦਿੱਤੀ, ਜਿਸ ਦੇ ਖ਼ਿਲਾਫ਼ ਜਥੇਬੰਦੀਆਂ ਲੜਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਕਮਿਸ਼ਨ ਮਿਲਣ ਕਾਰਨ ਹੁਣ ਉਹ ਖ਼ੁਦ ਹੀ ਕਿਸਾਨਾਂ ਨੂੰ ਨਿੱਜੀ ਮੰਡੀ ’ਚ ਫ਼ਸਲ ਲੈ ਕੇ ਜਾਣ ਲਈ ਹੱਲਾਸ਼ੇਰੀ ਦੇਣ ਲੱਗੇ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਜਲਦ ਹੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੁਲਾਈ ਜਾਵੇਗੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਵੀ ਕਿਹਾ ਕਿ ਕਾਰਪੋਰੇਟ ਅਦਾਰਿਆਂ ਵਲੋਂ ਕਿਸਾਨਾਂ ਦੀ ਆਰਥਿਕ ਕਮਜ਼ੋਰੀ ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਖ਼ਤੀ ਨਾਲ ਰੋਕਣ ਦੀ ਲੋੜ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਇਸ ਮਾਮਲੇ ਦੇ ਹੋਰਨਾਂ ਪਹਿਲੂਆਂ ਨੂੰ ਵੀ ਵਿਚਾਰਨ ਦੀ ਲੋੜ ਹੈ ਤੇ ਜਥੇਬੰਦੀਆਂ ਇਸ ਮਾਮਲੇ ਦੀ ਬਾਰੀਕੀ ਨਾਲ ਘੋਖ ਕਰ ਰਹੀਆਂ ਹਨ। ਉਧਰ ਕਈ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਵਲੋਂ ਕਿਸਾਨਾਂ ਦੇ ਇਸ ਤਰ੍ਹਾਂ ਅਡਾਨੀ ਦੇ ਸਾਇਲੋ ’ਚ ਕਣਕ ਲੈ ਕੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਵਲੋਂ ਸੋਸ਼ਲ ਮੀਡੀਆ ’ਤੇ ਕਿਸਾਨ ਆਗੂਆਂ ’ਤੇ ਸਵਾਲਾਂ ਦੀ ਵਾਛੜ ਕਰਦੇ ਹੋਏ ਪੁੱਛਿਆ ਹੈ ਕਿ ਜੇਕਰ ਅਡਾਨੀ ਦੇ ਸਾਇਲੋ ’ਚ ਹੀ ਕਣਕ ਵੇਚਣੀ ਸੀ, ਤਾਂ ਫਿਰ ਏਨਾ ਵੱਡਾ ਸੰਘਰਸ਼ ਲੜਨ ਅਤੇ 700 ਕਿਸਾਨਾਂ ਨੂੰ ਮਰਵਾਉਣ ਦੀ ਕੀ ਲੋੜ ਸੀ? ਇਸ ਮਾਮਲੇ ’ਚ ਘਿਰੇ ਹੋਏ ਕਿਸਾਨ ਆਗੂਆਂ ਵਲੋਂ ਬੇਸ਼ੱਕ ਆਪਣੇ ਤਰਕ ਵੀ ਦਿੱਤੇ ਜਾ ਰਹੇ ਹਨ ਤੇ ਇਸ ਨੂੰ ਕਿਸਾਨਾਂ ਦੀ ਆਰਥਿਕ ਸਥਿਤੀ ਨਾਲ ਜੋੜ ਕੇ ਲੋਕਾਂ ਦੇ ਸ਼ਬਦੀ ਹਮਲਿਆਂ ਤੋਂ ਬਚਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਇਸ ਮਾਮਲੇ ’ਚ ਕਿਸਾਨਾਂ ਵਲੋਂ ਖ਼ੁਦ ਹੀ ਅਡਾਨੀ ਦੇ ਸਾਇਲੋ ’ਚ ਕਣਕ ਲੈ ਕੇ ਜਾਣ ਨੇ ਕਿਸਾਨੀ ਅੰਦੋਲਨ ਦਾ ਸਾਥ ਦੇਣ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਕਾਫ਼ੀ ਨਿਰਾਸ਼ ਕੀਤਾ ਹੈ।

Share