ਕਿਸਾਨ ਜਥੇਬੰਦੀਆਂ ਵੱਲੋਂ ‘ਪੰਜਾਬ ਬੰਦ’ ਦਾ ਸੱਦਾ ਹਾਲ ਦੀ ਘੜੀ ਮੁਲਤਵੀ

525
ਜਲੰਧਰ ’ਚ ਖੇਤੀਬਾੜੀ ਮਾਹਿਰਾਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ।
Share

– ਗੰਨੇ ਦੇ ਭਾਅ ਸਬੰਧੀ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ 24 ਨੂੰ
ਜਲੰਧਰ, 23 ਅਗਸਤ (ਪੰਜਾਬ ਮੇਲ)- ਗੰਨੇ ਦੇ ਬਕਾਏ ਅਤੇ ਭਾਅ ਵਧਾਉਣ ਨੂੰ ਲੈ ਕੇ ਕਿਸਾਨਾਂ ਵੱਲੋਂ ਛੇੜੇ ਗਏ ਸੰਘਰਸ਼ ਦੌਰਾਨ ਖੇਤੀਬਾੜੀ ਮਾਹਿਰ ਕਿਸਾਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੋ ਗਏ ਕਿ ਗੰਨੇ ਦੀ ਲਾਗਤ 470 ਰੁਪਏ ਪ੍ਰਤੀ ਕੁਇੰਟਲ ਦੇ ਲਗਪਗ ਆਉਂਦੀ ਹੈ। ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਚ ਢਾਈ ਤੋਂ ਤਿੰਨ ਘੰਟੇ ਤੱਕ ਕਿਸਾਨਾਂ ਤੇ ਖੇਤੀਬਾੜੀ ਮਾਹਿਰਾਂ ਦਰਮਿਆਨ ਚੱਲੀ ਗੱਲਬਾਤ ਦੌਰਾਨ ਕਈ ਵਾਰ ਤਿੱਖੀ ਨੋਕ-ਝੋਕ ਵੀ ਹੋਈ। ਖੇਤੀਬਾੜੀ ਮਾਹਿਰ ਗੰਨੇ ਦੀ ਲਾਗਤ 345 ਰੁਪਏ ਪ੍ਰਤੀ ਕੁਇੰਟਲ, ਜਦਕਿ ਕਿਸਾਨ 470 ਰੁਪਏ ਪ੍ਰਤੀ ਕੁਇੰਟਲ ਦੱਸ ਰਹੇ ਸਨ। ਇਸੇ ਦੌਰਾਨ ਗੰਨੇ ਦੇ ਭਾਅ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਿਸਾਨ ਆਗੂਆਂ ਦਰਮਿਆਨ 24 ਅਗਸਤ ਨੂੰ ਚੰਡੀਗੜ੍ਹ ’ਚ 3.00 ਵਜੇ ਹੋਣ ਵਾਲੀ ਮੀਟਿੰਗ ਵਿਚ ਹੋਣ ਦੀ ਸੰਭਾਵਨਾ ਹੈ। ਕਿਸਾਨ ਆਗੂ ਮਨਜੀਤ ਸਿੰਘ ਰਾਏ ਤੇ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ 24 ਅਗਸਤ ਨੂੰ ਪੰਜਾਬ ਬੰਦ ਦਾ ਦਿੱਤਾ ਸੱਦਾ ਹਾਲ ਦੀ ਘੜੀ ਮੁਲਤਵੀ ਕੀਤਾ ਜਾਂਦਾ ਹੈ ਤੇ ਇਸ ਬਾਰੇ ਫ਼ੈਸਲਾ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਤੋਂ ਬਾਅਦ ਕੀਤਾ ਜਾਵੇਗਾ।

Share