ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ‘ਤੇ ਆਜਵਾਈ ਠੱਪ ਕਰਕੇ ਰੋਸ ਧਰਨੇ

280
ਕਿਸਾਨ ਵਿਖੇ ਭਵਾਨੀਗੜ੍ਹ ਵਿਖੇ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ
Share

ਕਿਸਾਨਾਂ ਨੇ ਸ਼ਹਿਰ ਅਤੇ ਪਿੰਡਾਂ ’ਚ ਕੇਂਦਰ ਅਤੇ ਖੱਟੜ ਸਰਕਾਰ ਦੀਆਂ ਆਰਥੀਆਂ ਸਾੜ ਕੇ ਕੀਤੀ ਨਾਅਰੇਬਾਜ਼ੀ
ਭਵਾਨੀਗੜ੍ਹ, 30 ਅਗਸਤ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਹਰਿਆਣਾ ਦੇ ਕਰਨਾਲ ਜ਼ਿਲੇ ਅੰਦਰ ਪੈਂਦੇ ਬਸਤਾੜਾ ਟੋਲ ਪਲਾਜ਼ਾ ਨੇੜੇ ਇਕੱਠੇ ਹੋਏ ਕਿਸਾਨਾਂ ਉਪਰ ਹਰਿਆਣਾ ਪੁਲਸ ਵੱਲੋਂ ਭਾਜਪਾ ਦੀ ਖੱਟੜ ਸਰਕਾਰ ਦੇ ਇਸ਼ਾਰੇ ਉਪਰ ਵਹਿਸੀਆਨਾਂ ਢੰਗ ਨਾਲ ਗੁੰਡਾਗਰਦੀ ਕਰਦਿਆਂ ਅੰਨੇਵਾਹ ਲਾਠੀਚਾਰਜ਼ ਕਰਕੇ ਢਾਹੇ ਜੁਲਮ ਦੇ ਰੋਸ ਵੱਜੋਂ ਅੱਜ ਸੁੰਯਕਤ ਮੋਰਚੇ ਦੇ ਸੱਦੇ ਉਪਰ ਸਥਾਨਕ ਸ਼ਹਿਰ ਅਤੇ ਇਲਾਕ ਦੇ ਪਿੰਡਾਂ ’ਚ ਕਿਸਾਨ ਜਥੇਬੰਦੀਆਂ ਵੱਲੋਂ 12 ਵਜੇ ਤੋਂ 2 ਵੱਜੇ ਤੱਕ ਨੈਸ਼ਨਲ ਹਾਈਵੇ ਨੰਬਰ 7 ਸਮੇਤ ਵੱਖ ਵੱਖ ਮੁੱਖ ਸੜਕਾਂ ਉਪਰ ਆਜਵਾਈ ਠੱਪ ਕਰਕੇ ਰੋਸ ਧਰਨੇ ਦਿੰਦਿਆਂ ਕੇਂਦਰ ਸਰਕਾਰ, ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਸਥਾਨਕ ਸ਼ਹਿਰ ਵਿਖੇ ਬਲਿਆਲ ਰੋਡ ਨਜ਼ਦੀਕ ਐਨ.ਐਚ.7 ਉਪਰ ਬੀ.ਕੇ.ਯੂ ਰਾਜੇਵਾਲ, ਬੀ.ਕੇ.ਯੂ ਏਕਤਾ ਡਕੌਂਦਾ ਅਤੇ ਬੀ.ਕੇ.ਯੂ ਏਕਤਾ ਸਿੱਧੂਪੁਰ ਵੱਲੋਂ ਸਾਂਝੇ ਤੌਰ ’ਤੇ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ’ਚ ਬੀ.ਕੇ.ਯੂ ਰਾਜੇਵਾਲ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਬੀ.ਕੇ.ਯੂ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਅਤੇ ਰਣਧੀਰ ਸਿੰਘ ਭੱਟੀਵਾਲ ਖੁਰਦ ਨੇ ਕਿਹਾ ਕਿ ਹਰਿਆਣਾ ਪੁਲਸ ਵੱਲੋਂ ਖੱਟੜ ਸਰਕਾਰ ਦੇ ਇਸ਼ਾਰੇ ਉਪਰ ਕਿਸਾਨਾਂ ਉਪਰ ਕੀਤੀ ਗਈ ਇਸ ਵਹਿਸੀਆਨਾਂ ਕਾਰਵਾਈ ਦੀ ਜਿਨ੍ਹਾਂ ਵੀ ਨਿਖੇਧੀ ਕੀਤੀ ਜਾਵੇ ਉਨ੍ਹਾਂ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟੜ ਸਰਕਾਰ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਸੰਘਰਸ਼ ਨੂੰ ਹੁਣ ਲਾਠੀ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਜਿਨ੍ਹਾਂ ਮਰਜੀ ਜ਼ੁਲਮ ਢਾਹ ਲੈਣ ਕਿਸਾਨਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ ਅਤੇ ਅੰਦੋਲਨ ਵੀ ਹੋਰ ਪ੍ਰਚੰਡ ਹੋਵੇਗਾ।
ਇਸੇ ਤਰ੍ਹਾਂ ਬੀ.ਕੇ.ਯੂ. ਏਕਤਾ ਉਗਰਾਹਾਂ ਵੱਲੋਂ ਪਿੰਡ ਕਾਲਾਝਾੜ ਅਤੇ ਪਿੰਡ ਘਰਾਚੋਂ ਵਿਖੇ ਮੋਦੀ ਅਤੇ ਖੱਟੜ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਧਰਨਾ ਦਿੰਦਿਆਂ ਕੇਂਦਰ ਅਤੇ ਖੱਟੜ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ’ਚ ਮਨਜੀਤ ਸਿੰਘ ਘਾਰਚੋਂ, ਹਰਜਿੰਦਰ ਸਿੰਘ ਘਰਾਚੋਂ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਜਿਨ੍ਹਾਂ ਸਮਾਂ ਕੇਂਦਰ ਸਰਕਾਰ ਸਾਰੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਵੱਲੋਂ ਨਿਹੱਥੇ ਕਿਸਾਨਾਂ ਉਪਰ ਕੀਤਾ ਗਿਆ ਤਸ਼ੱਦਦ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।

Share