ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰੇਲ ਰੋਕੋ ਅੰਦੋਲਨ ਸ਼ੁਰੂ

210
Share

ਸ਼ਾਮ 4 ਵਜੇ ਤੱਕ ਰੋਕੀਆਂ ਜਾਣਗੀਆਂ ਰੇਲ ਗੱਡੀਆਂ

ਬਠਿੰਡਾ, 18 ਫਰਵਰੀ (ਪੰਜਾਬ ਮੇਲ)-  ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿਚ ਡਟੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਅੱਜ ਚਾਰ ਘੰਟਿਆਂ ਲਈ ਰੇਲਾਂ ਦੇ ਚੱਕਾ ਜਾਮ ਕਰਨਦ ਦੇ ਦਿੱਤੇ ਦੇਸ਼ਵਿਆਪੀ ਸੱਦੇ ਤਹਿਤ ਪੰਜਾਬ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਰੇਲਵੇ ਲਾਈਨਾਂ ਉਪਰ ਡੱਟ ਗਏ ਹਨ। ਸੁੰਯਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਕਾਇਮ ਰਹੇਗਾ। ਕਿਸਾਨ ਆਗੂਆਂ ਅਨੁਸਾਰ ਇਸ ਚੱਕਾ ਜਾਮ ਕੌਮੀ ਅਹਿਮੀਅਤ ਵਾਲੇ ਸਾਰੇ ਰੇਲ ਮਾਰਗਾਂ ਸਮੇਤ ਸਥਾਨਕ ਰੇਲ ਪਟੜੀਆਂ ਉਤੇ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਹੈ ਤਾਂ ਖੇਤੀ ਕਾਨੂੰਨਾਂ ਸਬੰਧੀ ਸੁੱਤੀ ਪਈ ਮੋਦੀ ਸਰਕਾਰ ਨੂੰ ਜਗਾਇਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਸ਼ਾਂਤ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਕਿਸਾਨਾਂ ਦਾ ਸਬਰ ਹੋਰ ਨਹੀਂ ਪਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਲਾਜ਼ਮੀ ਜਿੱਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਚੱਕਾ ਜਾਮ ਤੋਂ ਮਗਰੋਂ ਜਥੇਬੰਦੀਆਂ ਵਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਅੱਜ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਰੇਲ ਪਟੜੀਆਂ ਉੱਪਰ ਧਰਨੇ ਲਾ ਕੇ ਆਵਾਜਾਈ ਰੋਕੀ ਗਈ। ਕਰੀਬ ਅੱਧੀ ਦਰਜਨ ਕਿਸਾਨ ਯੂਨੀਅਨਾਂ ਵੱਲੋਂ ਅੱਜ ਇਥੇ ਮੁਲਤਾਨੀਆਂ ਪੁਲ ਨੇੜੇ ਧਰਨਾ ਲਾਇਆ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸੰਗਤ ਮੰਡੀ, ਭਾਈ ਬਖਤੌਰ, ਗੋਨਿਆਣਾ ਮੰਡੀ ਅਤੇ ਭੁੱਚੋ ਮੰਡੀ ’ਚ ਰੇਲਵੇ ਲਾਈਨਾਂ ’ਤੇ ਧਰਨੇ ਲਾ ਕੇ ਰੇਲ ਆਵਾਜਾਈ ਠੱਪ ਕੀਤੀ।


Share