ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ‘ਮਈ 2024’ ਤੱਕ ਜਾਰੀ ਰੱਖਣ ਲਈ ਤਿਆਰ : ਟਿਕੈਤ

477
Share

ਨਾਗਪੁਰ, 17 ਜਨਵਰੀ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨ ਆਪਣੇ ਅੰਦੋਲਨ ਨੂੰ ‘ਮਈ 2024 ਤੱਕ’ ਜਾਰੀ ਰੱਖਣ ਲਈ ਤਿਆਰ ਹਨ। ਉਨ੍ਹਾਂ ਐੱਨ.ਆਈ.ਏ. ਦੇ ਨੋਟਿਸਾਂ ਬਾਰੇ ਕਿਹਾ ਕਿ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਵਾਲਿਆਂ ਨੂੰ ਜੇਲ੍ਹ ਜਾਣਾ ਤੇ ਅਦਾਲਤੀ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਲਈ ਉਹ ਤਿਆਰ ਰਹਿਣ। ਦੱਸਣਯੋਗ ਹੈ ਕਿ ਦੇਸ਼ ’ਚ ਆਮ ਚੋਣਾਂ ਅਪਰੈਲ-ਮਈ 2024 ’ਚ ਹੋਣੀਆਂ ਹਨ। ਨਾਗਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਚਾਹੁੰਦੇ ਹਨ। ਕਿਸਾਨਾਂ ਵੱਲੋਂ ਦਿੱਲੀ ’ਚ ਹੋਰ ਕਿੰਨਾ ਸਮਾਂ ਡੇਰੇ ਲਾ ਕੇ ਰੱਖਣ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਕਿਸਾਨ ਮਈ 2024 ਤੱਕ ਧਰਨਿਆਂ ’ਚ ਬੈਠਣ ਲਈ ਤਿਆਰੀ ਕਰ ਕੇ ਆਏ ਹਨ ਤੇ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਸਰਕਾਰ ਵੱਲੋਂ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਤੋਂ ਬਿਨਾਂ ਉਹ ਨਹੀਂ ਮੁੜਨਗੇ।

Share