ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਲੜਨਗੇ ਚੋਣ

167
Share

ਮਾਛੀਵਾੜਾ ਸਾਹਿਬ, 11 ਜਨਵਰੀ (ਪੰਜਾਬ ਮੇਲ)-  ਦਿੱਲੀ ਕਿਸਾਨ ਅੰਦੋਲਨ ਦੌਰਾਨ ਅੰਤਰਰਾਸ਼ਟਰੀ ਪੱਧਰ ਦੀ ਪਹਿਚਾਣ ਬਣੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਹਲਕਾ ਸਮਰਾਲਾ ਤੋਂ ਚੋਣ ਲੜਨ ਦਾ ਬਿਗੁਲ ਵਜਾਉਂਦਿਆਂ ਇਲਾਕੇ ’ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਚੋਣ ਮੈਦਾਨ ’ਚ ਉਤਰਨ ਤੋਂ ਬਾਅਦ ਹਲਕਾ ਸਮਰਾਲਾ ’ਚ ਕਾਫ਼ੀ ਸਿਆਸੀ ਉੱਥਲ-ਪੁਥਲ ਹੋਵੇਗੀ ਕਿਉਂਕਿ ਉਕਤ ਕਿਸਾਨ ਆਗੂ ਜਿੱਥੇ ਇਸ ਹਲਕੇ ਨਾਲ ਸਬੰਧ ਰੱਖਦੇ ਹਨ ਉੱਥੇ ਹੀ ਉਨ੍ਹਾਂ ਦਾ ਹਰੇਕ ਸਿਆਸੀ ਪਾਰਟੀ ਦੇ ਆਗੂਆਂ ਨਾਲ ਸਿੱਧਾ ਰਾਬਤਾ ਵੀ ਹੈ।  ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਰਾਜੇਵਾਲ ਸਿਆਸਤ ਵਿਚ ਕੋਈ ਨਵੇਂ ਨਹੀਂ ਅਤੇ ਕਈ ਸਾਲ ਪਹਿਲਾਂ ਉਨ੍ਹਾਂ ਦੀਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਜ਼ਦੀਕੀਆਂ ਰਹੀਆਂ। ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਨ੍ਹਾਂ ਦੀਆਂ ਚੋਣ ਲੜਨ ਦੀਆਂ ਚਰਚਾਵਾਂ ਜ਼ੋਰਾਂ ’ਤੇ ਰਹੀਆਂ ਅਤੇ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬੰਸ ਸਿੰਘ ਮਾਣਕੀ ਦਾ ਵੀ ਸਮਰਥਨ ਕੀਤਾ ਸੀ। ਕਿਸਾਨੀ ਮੁੱਦਿਆਂ ਦੇ ਮਾਹਿਰ, ਪੜ੍ਹੇ-ਲਿਖੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਨੇੜਤਾ ਰੱਖਣ ਵਾਲੇ ਬਲਬੀਰ ਸਿੰਘ ਰਾਜੇਵਾਲ ਨੂੰ ਚੋਣਾਂ ’ਚ ਕਾਫ਼ੀ ਲਾਭ ਮਿਲ ਸਕਦਾ ਹੈ।


Share