ਕਿਸਾਨ ਆਗੂਆਂ ਵੱਲੋਂ ਪੱਛਮੀ ਬੰਗਾਲ ਸਮੇਤ ਦੇਸ਼ ਭਰ ’ਚ ਕਿਸਾਨ ਅੰਦੋਲਨ ’ਚ ਬੈਠਕਾਂ ਕਰਨ ਦਾ ਐਲਾਨ

410
Share

ਚੰਡੀਗੜ੍ਹ, 17 ਫਰਵਰੀ (ਪੰਜਾਬ ਮੇਲ)- ਕਿਸਾਨ ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਅਸੀਂ ਕਿਸਾਨ ਅੰਦੋਲਨ ਦੇ ਹੱਕ ’ਚ ਉਥੇ ਬੈਠਕਾਂ ਕਰਾਂਗੇ। ਇਸ ਦੌਰਾਨ ਇਕ ਨੇਤਾ ਨੇ ਇਸ਼ਾਰਿਆਂ ’ਚ ਕਿਹਾ ਕਿ ਉੱਥੇ ਦੇ ਲੋਕਾਂ ਨੂੰ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਬਾਰੇ ਕਹਿਣਗੇ, ਜੋ ਸਾਡੀ ਰੋਜ਼ੀ-ਰੋਟੀ ਖੋਹ ਰਹੇ ਹਨ।
ਹਰਿਆਣਾ ਦੇ ਗੜੀ ਸਾਂਪਲਾ ਵਿਖੇ ਹੋਈ ‘ਕਿਸਾਨ ਮਹਾਂਪੰਚਾਇਤ’ ਤੋਂ ਵੱਖ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਬਾਕੀ ਸੂਬਿਆਂ ਦੀ ਤਰ੍ਹਾਂ ਉਨ੍ਹਾਂ ਵਲੋਂ ਜਲਦ ਹੀ ਪੱਛਮੀ ਬੰਗਾਲ ਦਾ ਵੀ ਦੌਰਾ ਕੀਤਾ ਜਾਵੇਗਾ। ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਅਸੀਂ ਪੱਛਮੀ ਬੰਗਾਲ ਦਾ ਦੌਰਾ ਵੀ ਕਰਾਂਗੇ ਕਿਉਂਕਿ ਉੱਥੇ ਵੀ ਕਿਸਾਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਟਿਕੈਤ ਨੇ ਕਿਹਾ ਕਿ ਅਸੀਂ ਗੁਜਰਾਤ, ਮਹਾਰਾਸ਼ਟਰ ਸਮੇਤ ਹੋਰ ਸੂਬਿਆਂ ਵਿਚ ਵੀ ਜਾਵਾਂਗੇ। ਜਦੋਂ ਟਿਕੈਤ ਨੂੰ ਪੁੱਛਿਆ ਕਿ ਕੀ ਇਸ ਦਾ ਸਬੰਧ ਬੰਗਾਲ ਵਿਚ ਹੋਣ ਵਾਲੀਆਂ ਚੋਣਾਂ ਨਾਲ ਹੈ, ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਮੁੱਦਿਆਂ ਸਬੰਧੀ ਜਾਵਾਂਗੇ, ਨਾ ਕੇ ਚੋਣਾਂ ਸਬੰਧੀ। ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ ਨੇ ਮਹਾਂਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਉਨ੍ਹਾਂ ਲੋਕਾਂ ਨੂੰ ਵੋਟ ਨਾ ਪਾਈ ਜਾਵੇ, ਜੋ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮਦਦ ਨਹੀਂ ਕਰ ਰਹੇ ਅਤੇ ਕਿਸਾਨਾਂ ਦਾ ਸਮਰਥਨ ਨਹੀਂ ਕਰਦੇ। ਬਾਅਦ ਵਿਚ ਟਿਕੈਤ ਸਮੇਤ ਹੋਰਨਾਂ ਕਿਸਾਨ ਆਗੂਆਂ ਦੀ ਮੌਜੂਦਗੀ ਵਿਚ ਸ. ਚੜੂਨੀ ਨੇ ਕਿਹਾ ਕਿ ਜਿੱਥੇ ਤੱਕ ਬੰਗਾਲ ਦੀ ਗੱਲ ਹੈ, ਜੇਕਰ ਭਾਜਪਾ ਹਾਰ ਜਾਂਦੀ ਹੈ ਤਾਂ ਸਾਡਾ ਅੰਦੋਲਨ ਸਫਲ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਬੰਗਾਲ ਜਾ ਕੇ ਉਨ੍ਹਾਂ ਲੋਕਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਾਂਗੇ, ਜੋ ਸਾਡੀ ਰੋਜ਼ੀ-ਰੋਟੀ ਖੋਹ ਰਹੇ ਹਨ। ਇਸ ਮੌਕੇ ਚੜੂਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਸੀਂ ਪੱਛਮੀ ਬੰਗਾਲ ਵਿਚ ਕਿਸੇ ਦੀ ਚੋਣਾਂ ਵਿਚ ਮਦਦ ਕਰਨ ਲਈ ਨਹੀਂ ਜਾ ਰਹੇ ਪਰ ਅਸੀਂ ਉੱਥੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਕਰਾਂਗੇ। ਟਿਕੈਤ ਨੇ ਇਸ ਮੌਕੇ ਸਪੱਸ਼ਟ ਕੀਤਾ ਕਿ ਅੰਦੋਲਨ ਦੌਰਾਨ ਨਾ ਸਾਡਾ ਪੰਚ ਬਦਲੇਗਾ ਤੇ ਨਾ ਹੀ ਮੰਚ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਅੱਜ ਵੀ ਸਾਡਾ ਮੰਚ ਹੈ ਅਤੇ 40 ਮੈਂਬਰ ਕਮੇਟੀ ਦੇ ਨੇਤਾ ਸਾਡੇ ਪੰਚ ਹਨ।


Share